Pakistan approves emergency use: ਪਾਕਿਸਤਾਨ ਨੇ ਆਕਸਫੋਰਡ-ਐਸਟਰਾਜ਼ੇਨੇਕਾ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਹ ਵੈਕਸੀਨ ਸਾਲ ਦੀ ਪਹਿਲੀ ਤਿਮਾਹੀ ਤੱਕ ਉਪਲਬਧ ਕਰਵਾਈ ਜਾਵੇਗੀ। ਪਾਕਿਸਤਾਨ ਵਿੱਚ ਕੋਵਿਡ-19 ਪੀੜਤਾਂ ਦੀ ਗਿਣਤੀ ਵੱਧ ਕੇ 519,291 ਹੋ ਗਈ ਹੈ। ਪਾਕਿਸਤਾਨ ਦੀ ਮੀਡੀਆ ਰਿਪੋਰਟ ਅਨੁਸਾਰ ਸਿਹਤ ਮਾਮਲੇ ‘ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਡਾ: ਫੈਸਲ ਸੁਲਤਾਨ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਾਕਿਸਤਾਨ ਡਰੱਗ ਰੈਗੂਲੇਟਰੀ ਅਥਾਰਟੀ (DRAP) ਨੇ ਪੂਰੇ ਦੇਸ਼ ਵਿੱਚ ਆਕਸਫੋਰਡ-ਐਸਟਰਾਜ਼ੇਨੇਕਾ ਕੋਰੋਨਾ ਵਾਇਰਸ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮੀਡੀਆ ਰਿਪੋਰਟ ਅਨੁਸਾਰ ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਕਿ ਟੀਕੇ ਨੂੰ ਮਾਰਚ ਤੱਕ ਲਾਂਚ ਕੀਤਾ ਜਾਵੇਗਾ । ਉਮਰ ਦੇਸ਼ ਦੇ ਕੋਰੋਨਾ ਵਾਇਰਸ ਕੰਟਰੋਲ ਬਾਡੀ ‘ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ’ (NCOC) ਦਾ ਮੁਖੀ ਵੀ ਹੈ। ਉਮਰ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਸਿਹਤ ਕਰਮਚਾਰੀਆਂ ਅਤੇ 65 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕਾਂ ਨੂੰ ਇਹ ਟੀਕਾ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਇਹ ਟੀਕਾ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਐਸਟਰਾਜ਼ੇਨੇਕਾ ਰਾਹੀਂ ਨਿਰਮਿਤ ਹੈ, ਜੋ ਇੱਕ ਬ੍ਰਿਟਿਸ਼-ਸਵੀਡਿਸ਼ ਮਲਟੀਨੈਸ਼ਨਲ ਫਾਰਮਾਸਿਊਟੀਕਲ ਅਤੇ ਬਾਇਓਫਰਮਾਸਿਊਟੀਕਲ ਕੰਪਨੀ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਅਨੁਸਾਰ ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਵਿੱਚ 43 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ, ਜਿਸ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 10,951 ਹੋ ਗਈ ।