Pakistan bans travel: ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਮੁੜ ਰਫ਼ਤਾਰ ਫੜ੍ਹ ਲਈ ਹੈ । ਦੇਸ਼ ਵਿੱਚ 8 ਮਹੀਨੇ ਬਾਅਦ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਕੋਰੋਨਾ ਮਾਮਲਿਆਂ ਦੀ ਵੱਧਦੀ ਗਿਣਤੀ ਵਿਚਾਲੇ ਪਾਕਿਸਤਾਨ ਨੇ ਕੋਵਿਡ-19 SOPs ਦੇ ਤਹਿਤ 12 ਅਫਰੀਕੀ ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ । ਇਸ ਦੇ ਨਾਲ ਹੀ ਯੂਨਾਈਟਿਡ ਕਿੰਗਡਮ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਪਾਬੰਦੀ ਘੱਟ ਕਰ ਦਿੱਤੀ ਗਈ ਹੈ।
ਇਸ ਸਬੰਧੀ ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ (CAA) ਅਨੁਸਾਰ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਤਿੰਨ ਸ਼੍ਰੇਣੀਆਂ ਨੂੰ ਤੈਅ ਕੀਤਾ ਗਿਆ ਹੈ। ਸ਼੍ਰੇਣੀ A ਦੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਪ੍ਰੀਖਣ ਦੀ ਲੋੜ ਨਹੀਂ ਹੁੰਦੀ ਹੈ, ਜਦਕਿ B ਸ਼੍ਰੇਣੀ ਵਾਲਿਆਂ ਨੂੰ ਪਾਕਿਸਤਾਨ ਜਾਣ ਤੋਂ 72 ਘੰਟੇ ਪਹਿਲਾਂ ਪੋਲੀਮਰੇਜ ਚੇਨ ਰਿਐਕਸ਼ਨ ਪ੍ਰੀਖਣ ਦੀ ਲੋੜ ਹੁੰਦੀ ਹੈ। ਉੱਥੇ ਹੀ C ਸ਼੍ਰੇਣੀ ਦੇ ਦੇਸ਼ਾਂ ਨੂੰ ਪਾਕਿਸਤਾਨ ਜਾਣ ਲਈ ਦੇਸ਼ ਦੀ ਰਾਸ਼ਟਰੀ ਕਮਾਂਡ ਅਤੇ ਕੰਟਰੋਲ ਕੇਂਦਰ (NCOC) ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।
ਕੋਰੋਨਾ ਦੇ ਨਵੇਂ ਮਾਮਲਿਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ CAA ਵੱਲੋਂ ਸ਼ਨੀਵਾਰ ਨੂੰ ਇੱਕ ਨਵੀਂ ਯਾਤਰਾ ਗਾਈਡਲਾਈਨ ਜਾਰੀ ਕੀਤੀ । ਇਸ ਵਿੱਚ ਦੱਖਣੀ ਅਫਰੀਕਾ, ਕੀਨੀਆ, ਘਾਨਾ, ਰਵਾਂਡਾ ਅਤੇ ਬੋਤਸਵਾਲਾ ਸਣੇ ਅਫਰੀਕੀ ਦੇਸ਼ਾਂ ਨੂੰ C ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਯਾਤਰਾ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੌਰਾਨ CAA ਵੱਲੋਂ UK ਨੂੰ C ਸ਼੍ਰੇਣੀ ਤੋਂ ਹਟਾ ਕੇ B ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਇਹ ਨਵੇਂ ਆਦੇਸ਼ 23 ਮਾਰਚ ਤੋਂ ਲਾਗੂ ਹੋ ਕੇ 5 ਅਪ੍ਰੈਲ ਤੱਕ ਜਾਰੀ ਰਹਿਣਗੇ। ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦਾ ਇਹ ਤਾਜ਼ਾ ਆਦੇਸ਼ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਪਾਕਿਸਤਾਨ ਨੇ ਹਾਲ ਦੇ ਮਹੀਨਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ । ਸ਼ਨੀਵਾਰ ਨੂੰ ਪਾਕਿਸਤਾਨ ਵਿੱਚ ਕੋਰੋਨਾ ਸੰਕ੍ਰਮਣ ਦੇ 3876 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ 8 ਮਹੀਨਿਆਂ ਵਿੱਚ ਸਭ ਤੋਂ ਵੱਧ ਹਨ।