Pakistan govt gets into panic mode: ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਨੂੰ ਆਪਣੇ 1 ਅਰਬ ਡਾਲਰ (ਕਰੀਬ 15720 ਕਰੋੜ ਪਾਕਿਸਤਾਨੀ ਰੁਪਏ) ਦਾ ਕਰਜ਼ ਤੁਰੰਤ ਵਾਪਸ ਕਰਨ ਲਈ ਕਿਹਾ ਹੈ। UAE ਦੀ ਇਸ ਮੰਗ ਦੇ ਬਾਅਦ ਪਾਕਿਸਤਾਨੀ ਸਰਕਾਰ ਦੇ ਹੋਸ਼ ਉੱਡੇ ਗਏ ਹਨ। ਇਹ ਰਕਮ ਸਟੇਟ ਬੈਂਕ ਆਫ ਪਾਕਿਸਤਾਨ ਵਿੱਚ ਜਮਾਂ ਹੈ। ਇਸ ਨੂੰ ਵਾਪਸ ਕਰਨ ਦੀ ਆਖਰੀ ਤਾਰੀਖ਼ 12 ਮਾਰਚ ਹੈ। UAE ਨੇ ਇਹ ਰਕਮ ਇਸ ਲਈ ਵਾਪਸ ਮੰਗੀ ਹੈ ਕਿਉਂਕਿ ਉਸ ਦੀ ਮਿਆਦ ਖ਼ਤਮ ਹੋ ਗਈ ਹੈ।
ਪਾਕਿਸਤਾਨ ਸਰਕਾਰ ਦੇ ਸੀਨੀਅਰ ਅਧਿਕਾਰੀ UAE ਖਾਸ ਕਰ ਕੇ ਉੱਥੋਂ ਦੇ ਪ੍ਰਿੰਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉੱਥੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਪਾਕਿਸਤਾਨ ਵੱਲੋਂ UAE ਨੂੰ ਅਪੀਲ ਵੀ ਕੀਤੀ ਗਈ ਹੈ ਕਿ ਇੰਨੀ ਵੱਡੀ ਰਾਸ਼ੀ ਨੂੰ ਵਾਪਸ ਕਰਨ ਨਾਲ ਉਸ ਦੀ ਆਰਥਿਕ ਸਥਿਤੀ ਗੜਬੜਾ ਸਕਦੀ ਹੈ। ਖਸਤਾ ਹਾਲ ਪਾਕਿਸਤਾਨ ਦੀ ਆਰਥਿਕ ਬਦਹਾਲੀ ਦੀ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ। ਪਹਿਲਾਂ ਤੋਂ ਹੀ ਵੱਡੇ ਕਰਜ਼ ਹੇਠ ਦੱਬਿਆ ਪਾਕਿਸਤਾਨ IMF ਤੋਂ ਲੈ ਕੇ ਸਾਰੀਆਂ ਸੰਸਥਾਵਾਂ ਅਤੇ ਦੇਸ਼ਾਂ ਤੋਂ ਹੋਰ ਜ਼ਿਆਦਾ ਕਰਜ਼ ਦੀ ਮੰਗ ਕਰ ਰਿਹਾ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਪਾਕਿਸਤਾਨ ਦੀ ਸੰਸਦ ਵਿੱਚ ਇਮਰਾਨ ਖਾਨ ਸਰਕਾਰ ਨੇ ਕਬੂਲ ਕੀਤਾ ਹੈ ਕਿ ਹੁਣ ਹਰੇਕ ਪਾਕਿਸਤਾਨੀ ‘ਤੇ 1 ਲੱਖ 75 ਹਜ਼ਾਰ ਰੁਪਏ ਦਾ ਕਰਜ਼ ਹੈ। ਇਸ ਵਿੱਚ ਇਮਰਾਨ ਖਾਨ ਦੀ ਸਰਕਾਰ ਦਾ ਯੋਗਦਾਨ 54901 ਰੁਪਏ ਹੈ ਜੋ ਕਰਜ਼ ਦੀ ਕੁੱਲ ਰਾਸ਼ੀ ਦਾ 46 ਫੀਸਦੀ ਹਿੱਸਾ ਹੈ। ਕਰਜ਼ ਦਾ ਇਹ ਬੋਝ ਪਾਕਿਸਤਾਨੀ ਲੋਕਾਂ ‘ਤੇ ਬੀਤੇ 2 ਸਾਲਾਂ ਵਿੱਚ ਵਧਿਆ ਹੈ, ਯਾਨੀ ਕਿ ਜਦੋਂ ਇਮਰਾਨ ਖਾਨ ਨੇ ਪਾਕਿਸਤਾਨ ਦੀ ਸੱਤਾ ਸੰਭਾਲੀ ਸੀ ਉਦੋਂ ਦੇਸ਼ ਦੇ ਹਰ ਨਾਗਰਿਕ ‘ਤੇ 120099 ਰੁਪਏ ਦਾ ਕਰਜ਼ ਸੀ।
ਇਸ ਸਬੰਧੀ ਬਿਆਨ ਦਿੰਦਿਆਂ ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਇਹ ਵੀ ਮੰਨਿਆ ਹੈ ਕਿ ਇਮਰਾਨ ਖਾਨ ਸਰਕਾਰ ਵਿੱਤੀ ਘਾਟੇ ਨੂੰ ਰਾਸ਼ਟਰੀ ਅਰਥਵਿਵਸਥਾ ਦੇ ਚਾਰ ਫੀਸਦੀ ਤੱਕ ਕਰਨ ਵਿੱਚ ਅਸਫਲ ਰਹੀ ਹੈ। ਇਸ ਤਰ੍ਹਾਂ ਸਰਕਾਰ ਨੇ ਸਾਲ 2005 ਦੀ ਵਿੱਤੀ ਜ਼ਿੰਮੇਵਾਰੀ ਅਤੇ ਕਰਜ਼ ਸੀਮਾ (FRDL) ਐਕਟ ਦੀ ਉਲੰਘਣਾ ਕੀਤੀ ਹੈ। ਅਜਿਹੇ ਵਿਚ ਪਾਕਿਸਤਾਨ ਦਾ ਕੁੱਲ ਵਿੱਤੀ ਘਾਟਾ GDP ਦਾ 8.6 ਫੀਸਦੀ ਰਿਹਾ ਹੈ ਜੋ FRDL ਐਕਟ ਕਾਨੂੰਨ ਦੀ ਸੀਮਾ ਦੇ ਦੁੱਗਣੇ ਤੋਂ ਵੱਧ ਹੈ।
ਇਹ ਵੀ ਦੇਖੋ: ਮਾਂ ਪੁੱਤ ਦੀ ਇਸ ਜੋੜੀ ਦੇ ਬਣਾਏ ਸੂਟਾਂ ਦੀ ਚੰਡੀਗੜ੍ਹ ਤੋਂ ਮੁੰਬਈ ਦੀਆਂ ਮਾਡਲਾਂ ਤੱਕ ਚਰਚਾ