Pakistan imposes temporary ban on : ਪਾਕਿਸਤਾਨ ਵਿੱਚ ਪ੍ਰਸ਼ਾਸਨ ਵਲੋਂ ਕਈ ਸੋਸ਼ਲ ਮੀਡੀਆ ਸੇਵਾਵਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਫੇਸਬੁੱਕ, ਟਵਿੱਟਰ, ਵਟਸਐਪ, ਯੂ-ਟਿਊਬ ਅਤੇ ਟੈਲੀਗ੍ਰਾਮ ਸ਼ਾਮਿਲ ਹਨ। ਪਾਕਿਸਤਾਨ ਦੀ ਦੂਰਸੰਚਾਰ ਅਥਾਰਟੀ ਨੇ ਇਨ੍ਹਾਂ ਸਾਰੇ ਐਪਸ ਅਤੇ ਵੈਬਸਾਈਟਸ ਨੂੰ ਬਲਾਕ ਕਰਨ ਦੇ ਆਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਟੈਲੀਕਾਮ ਅਥਾਰਟੀ (ਪੀਟੀਏ) ਨੂੰ ਸ਼ੁੱਕਰਵਾਰ ਯਾਨੀ ਅੱਜ ਟਵਿੱਟਰ, ਫੇਸਬੁੱਕ, ਵਟਸਐਪ, ਯੂ-ਟਿਊਬ ਅਤੇ ਟੈਲੀਗ੍ਰਾਮ ਨੂੰ ਅਸਥਾਈ ਰੂਪ ਵਿੱਚ ਬਲਾਕ ਕਰਨ ਦੇ ਆਦੇਸ਼ ਦਿੱਤੇ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਇਨ੍ਹਾਂ ਸੋਸ਼ਲ ਮੀਡੀਆ ਵੈੱਬਸਾਈਟਾਂ ਅਤੇ ਐਪਸ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬਲਾਕ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ, ਇਸਦੇ ਪਿੱਛੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਇਸਨੂੰ ਕਿਉਂ ਰੋਕਿਆ ਗਿਆ ਹੈ।
ਪਿੱਛਲੇ ਕੁੱਝ ਦਿਨਾਂ ਤੋਂ, ਤਹਿਰੀਕ-ਏ-ਲੈਬਬੇਕ ਪਾਕਿਸਤਾਨ (ਟੀਐਲਪੀ) ਦੀ ਤਰਫੋਂ ਪਾਕਿਸਤਾਨ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਟੈਸਟ ਦੇ ਕਾਰਨ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਨੂੰ ਬਲਾਕ ਕਰਨ ਦਾ ਫੈਸਲਾ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਤੋਂ ਪਹਿਲਾਂ ਤਹਿਰੀਕ-ਏ-ਲੈਬਕ ਪਾਕਿਸਤਾਨ ਪ੍ਰੋਟੈਸਟ ਦੇ ਕਵਰੇਜ ‘ਤੇ ਵੀ ਪਾਕਿ ਟੀਵੀ ਚੈਨਲਾਂ ‘ਤੇ ਪਾਬੰਦੀ ਲਗਾਈ ਗਈ ਹੈ। ਇੱਕ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਟੈਲੀਕਾਮ ਅਥਾਰਟੀ ਦੇ ਚੇਅਰਮੈਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਦਰਅਸਲ, ਕਈ ਧਾਰਮਿਕ ਸੰਸਥਾਵਾਂ ਫਰਾਂਸ ਖ਼ਿਲਾਫ਼ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਇਨ੍ਹਾਂ ਵਿੱਚ ਟੀਐਲਪੀ ਵੀ ਸ਼ਾਮਿਲ ਹੈ ਜਿਸ ‘ਤੇ ਇੱਥੇ ਪਾਬੰਦੀ ਲਗਾਈ ਗਈ ਹੈ। ਫਰਾਂਸ ਵਿੱਚ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਨੂੰ ਲੈ ਕੇ ਇਹ ਵਿਰੋਧ ਪ੍ਰਦਰਸ਼ਨ ਫਰਾਂਸ ਖਿਲਾਫ ਹੋ ਰਹੇ ਹਨ। ਇਸ ਦੌਰਾਨ ਫਰਾਂਸ ਨੇ ਵੀ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦਾ ਆਦੇਸ਼ ਦਿੱਤਾ ਹੈ।