Pakistan minister Sheikh Rashid Ahmed says: ਇਸਲਾਮਾਬਾਦ: ਪਾਕਿਸਤਾਨ ਦੇ ਇਮਰਾਨ ਖਾਨ ਦੀ ਸਰਕਾਰ ਦੇ ਹਰ ਵਾਰ ਬੇਤੁਕੇ ਬਿਆਨ ਦੇਣ ਵਾਲੇ ਮੰਤਰੀ ਨੇ ਇੱਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਜਿਸ ਕਰਕੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਪਾਕਿਸਤਾਨ ਦੇ ਅਖਬਾਰ ਦੀ ਰਿਪੋਰਟ ਅਨੁਸਾਰ ਤਨਖਾਹ ਵਾਧੇ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਸਰਕਾਰੀ ਕਰਮਚਾਰੀਆਂ ‘ਤੇ ਪਾਕਿਸਤਾਨ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਦੀ ਘਟਨਾ ਤੋਂ ਕੁਝ ਦਿਨ ਬਾਅਦ ਸ਼ੇਖ ਰਾਸ਼ਿਦ ਨੇ ਕਿਹਾ ਕਿ ਅਜਿਹਾ ਕਰਨਾ ਜ਼ਰੂਰੀ ਸੀ ਕਿਉਂਕਿ ਕਾਫ਼ੀ ਸਮੇਂ ਤੋਂ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਨਹੀਂ ਹੋ ਰਹੀ ਸੀ।’ ਰਾਸ਼ਿਦ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ‘ਤੇ ਸਿਰਫ ਕੁਝ ਹੀ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਗਈ, ਜ਼ਿਆਦਾ ਨਹੀਂ।
ਮੀਡਿਆ ਰਿਪੋਰਟਾਂ ਅਨੁਸਾਰ, ਸਰਕਾਰੀ ਕਮੇਟੀ ਦਾ ਹਿੱਸਾ ਰਹੇ ਰਾਸ਼ਿਦ ਨੇ ਕਿਹਾ ਕਿ ਅਸਲ ਸਮੱਸਿਆ ਅੱਥਰੂ ਗੈਸ ਦੇ ਗੋਲੇ ਨਹੀਂ ਸੀ, ਬਲਕਿ ਤਨਖਾਹ ਵਾਧੇ ਦੀ ਸੀ, ਜਿਸ ਕਾਰਨ ਮਹਿੰਗਾਈ ਦੇ ਇਸ ਸਮੇਂ ਵਿੱਚ ਖਜ਼ਾਨੇ ‘ਤੇ ਅਰਬਾਂ ਰੁਪਏ ਦਾ ਭਾਰ ਪਵੇਗਾ।
ਦੱਸ ਦੇਈਏ ਕਿ 10 ਫਰਵਰੀ ਨੂੰ ਪਾਕਿਸਤਾਨ ਪੁਲਿਸ ਵੱਲੋਂ ਸਰਕਾਰੀ ਕਰਮਚਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਸਨ, ਜੋ ਤਨਖਾਹ ਅਤੇ ਪੈਨਸ਼ਨ ਵਿੱਚ ਵਾਧੇ ਦੀ ਮੰਗ ਕਰ ਰਹੇ ਸਨ। ਰਾਸ਼ਿਦ ਦੇ ਇਸ ਬੇਤੁਕੇ ਬਿਆਨ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਨਾਰਾਜ਼ ਹੋ ਗਏ ਹਨ ਅਤੇ ਸ਼ੇਖ ਰਸ਼ੀਦ ਤੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪੀਐਮਐਲ-ਐਨ ਦੇ ਨੇਤਾ ਮੁਹੰਮਦ ਜ਼ੁਬੈਰ ਨੇ ਕਿਹਾ ਕਿ ਕਿਸੇ ਵੀ ਹੋਰ ਦੇਸ਼ ਵਿੱਚ ਇਸ ਤਰ੍ਹਾਂ ਦੇ ਬਿਆਨ ਦਾ ਅਰਥ ਹੈ ਕਿ ਉਥੋਂ ਦੇ ਮੰਤਰੀ ਨੂੰ ਤੁਰੰਤ ਹਟਾ ਦੇਣਾ ਅਤੇ ਸਰਕਾਰ ਤੋਂ ਤੁਰੰਤ ਮੁਆਫੀ ਮੰਗਣੀ।