Pakistan offers relief materials: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਆਤੰਕ ਜਾਰੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਇਸ ਵਿਚਾਲੇ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਲਈ ਮਦਦ ਦਾ ਹੇਠ ਵਧਾਇਆ ਗਿਆ ਹੈ। ਉੱਥੇ ਹੀ ਪਾਕਿਸਤਾਨ ਨੇ ਵੀ ਆਪਣੇ ਹੀ ਦੇਸ਼ ਵਿੱਚ ਵੱਧ ਰਹੇ ਕੋਰੋਨਾ ਸੰਕਟ ਨੂੰ ਛੱਡ ਕੇ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ । ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਭਾਰਤ ਨੂੰ ਵੈਂਟੀਲੇਟਰ, ਡਿਜੀਟਲ ਐਕਸਰੇ ਮਸ਼ੀਨ ਅਤੇ ਪੀਪੀਈ ਕਿੱਟਾਂ ਸਮੇਤ ਕਈ ਜ਼ਰੂਰੀ ਚੀਜ਼ਾਂ ਭਾਰਤ ਨੂੰ ਨਿਰਯਾਤ ਕਰਨ ਲਈ ਤਿਆਰ ਹਨ । ਕੁਝ ਦਿਨ ਪਹਿਲਾਂ ਇਮਰਾਨ ਖਾਨ ਨੇ ਵੀ ਟਵੀਟ ਕਰਕੇ ਭਾਰਤ ਵਿੱਚ ਕੋਰੋਨਾ ਨੂੰ ਲੈ ਕੇ ਇੱਕਜੁਟਤਾ ਦਿਖਾਈ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸਾਡੇ ਪੱਖ ਤੋਂ ਕੋਵਿਡ-19 ਦੀ ਮੌਜੂਦਾ ਲਹਿਰ ਦੇ ਮੱਦੇਨਜ਼ਰ ਭਾਰਤ ਦੇ ਲੋਕਾਂ ਨਾਲ ਇੱਕਜੁੱਟਤਾ ਦੇ ਭਾਵ ਨਾਲ ਕੋਰੋਨਾ ਖਿਲਾਫ਼ ਯੁੱਧ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਵਿਸ਼ੇਸ਼ ਸਮੱਗਰੀਆਂ ਨੂੰ ਭੇਜਣ ਲਈ ਤਿਆਰ ਹਾਂ । ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਵਿਸ਼ਵਵਿਆਪੀ ਮਹਾਂਮਾਰੀ ਦੇ ਕਾਰਨ ਸਾਹਮਣੇ ਆਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਪਲਾਈ ਨੂੰ ਹੋਰ ਤੇਜ਼ ਕਰਨ ਦੇ ਸੰਭਾਵਿਤ ਤਰੀਕਿਆਂ ਦੀ ਤਲਾਸ਼ ਕਰ ਸਕਦੇ ਹਨ।
ਇਹ ਪੇਸ਼ਕਸ਼ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤ ਦੇ ਲੋਕਾਂ ਨਾਲ ਇੱਕਜੁੱਟਤਾ ਦਿਖਾਉਣ ਤੋਂ ਬਾਅਦ ਕੀਤੀ ਗਈ ਹੈ । ਉਨ੍ਹਾਂ ਕਿਹਾ ਸੀ ਕਿ ਸਾਨੂੰ ਮਾਨਵਤਾ ਦੇ ਸਾਹਮਣੇ ਆਈ ਇਸ ਗਲੋਬਲ ਚੁਣੌਤੀ ਨਾਲ ਮਿਲ ਕੇ ਲੜਨਾ ਪਵੇਗਾ। ਇਮਰਾਨ ਨੇ ਕਿਹਾ ਸੀ ਕਿ ਉਹ ਆਪਣੇ ਗੁਆਂਢੀ ਅਤੇ ਦੁਨੀਆ ਨੂੰ ਇਸ ਮਹਾਂਮਾਰੀ ਤੋਂ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਕੋਵਿਡ-19 ਸੰਕ੍ਰਮਣ, ਜਿਸਨੇ ਸਾਡੇ ਖੇਤਰ ਵਿੱਚ ਤਬਾਹੀ ਮਚਾਈ ਹੈ, ਦੀ ਮੌਜੂਦਾ ਲਹਿਰ ਵਿੱਚ ਅਸੀਂ ਭਾਰਤ ਦੇ ਲੋਕਾਂ ਦੇ ਪ੍ਰਤੀ ਸਮਰਥਨ ਜ਼ਾਹਿਰ ਕਰਦੇ ਹਾਂ । ਪਾਕਿਸਤਾਨ ਦੇ ਲੋਕਾਂ ਵੱਲੋਂ ਮੈਂ ਭਾਰਤ ਵਿੱਚ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ’ ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸਾਰਕ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਇਹ ਵੀ ਦੇਖੋ: Delhi Hospital ‘ਚ Oxygen ਤੇ ਐਬੂਲੈਂਸਾਂ ਲਈ Barricade ਚੁੱਕਣ ਲਈ, Nihang Sikh ਆਏ ਅੱਗੇ