ਇੱਕ ਪਾਕਿਸਤਾਨੀ ਪਾਇਲਟ ਨੇ ਜਹਾਜ਼ ਨੂੰ ਅਸਮਾਨ ‘ਚ ਅੱਧ ਵਿਚਕਾਰ ਉਡਾਉਣ (ਚਲਾਉਣ) ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦੀ ਸ਼ਿਫਟ ਖਤਮ ਹੋ ਗਈ ਸੀ। ਜੀ ਹਾਂ, ਇਹ ਸੱਚਮੁੱਚ ਹੋਇਆ ਹੈ। ਪਾਇਲਟ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਾਰੀਆਂ ਕੋਸ਼ਿਸ਼ਾਂ ਬੇਕਾਰ ਰਹੀਆਂ।
ਆਖ਼ਰਕਾਰ ਪਾਇਲਟ ਨੇ ਆਪਣੀ ਸ਼ਿਫਟ ਖਤਮ ਹੋਣ ਤੋਂ ਬਾਅਦ ਜਹਾਜ਼ ਨੂੰ ਨਹੀਂ ਚਲਾਇਆ। ਘਟਨਾ ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀ ਉਡਾਣ ਦੀ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ PIA ਦੀ ਇੱਕ ਉਡਾਣ ਨੰਬਰ PK-9754 ਨੇ ਐਤਵਾਰ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਤੋਂ ਇਸਲਾਮਾਬਾਦ ਲਈ ਉਡਾਣ ਭਰੀ ਸੀ। ਹਾਲਾਂਕਿ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਕੁੱਝ ਦੇਰ ਬਾਅਦ ਹੀ ਸਾਊਦੀ ਦੇ ਦਮਨ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੁੱਝ ਘੰਟਿਆਂ ਬਾਅਦ ਮੌਸਮ ਸਾਫ਼ ਹੋ ਗਿਆ ਅਤੇ ਪਾਇਲਟ ਨੂੰ ਦਮਨ ਤੋਂ ਇਸਲਾਮਾਬਾਦ ਲਈ ਜਹਾਜ਼ ਨੂੰ ਦੁਬਾਰਾ ਉਡਾਣ ਲਈ ਕਿਹਾ ਗਿਆ। ਇਸ ‘ਤੇ ਪਾਇਲਟ ਨੇ ਸਪਸ਼ਟ ਕਰ ਦਿੱਤਾ ਅਤੇ ਕਿਹਾ ਕਿ ਉਸ ਦੀ ਸ਼ਿਫਟ ਖਤਮ ਹੋ ਗਈ ਹੈ ਅਤੇ ਹੁਣ ਉਹ ਜਹਾਜ਼ ਨਹੀਂ ਉਡਾਏਗਾ। ਅਧਿਕਾਰੀਆਂ ਦੇ ਮਨਾਉਣ ‘ਤੇ ਵੀ ਪਾਇਲਟ ਰਾਜ਼ੀ ਨਹੀਂ ਹੋਇਆ।
ਇਹ ਵੀ ਪੜ੍ਹੋ : IPL 2022 : ਨਿਲਾਮੀ ਤੋਂ ਪਹਿਲਾਂ ਹੀ ਰਾਹੁਲ ਤੋਂ ਲੈ ਕੇ ਰਾਸ਼ਿਦ ਤੱਕ ਮਾਲਾਮਾਲ ਹੋਏ ਇਹ ਖਿਡਾਰੀ
ਪਾਇਲਟ ਦੀ ਇਸ ਜ਼ਿੱਦ ਨੂੰ ਦੇਖ ਕੇ ਯਾਤਰੀਆਂ ਦੇ ਸਬਰ ਦਾ ਬੰਨ੍ਹ ਵੀ ਟੁੱਟਣ ਲੱਗਾ। ਉਨ੍ਹਾਂ ਨੇ ਵਿਰੋਧ ਵਿੱਚ ਜਹਾਜ਼ ਤੋਂ ਉਤਰਨ ਤੋਂ ਇਨਕਾਰ ਕਰ ਦਿੱਤਾ। ਅੰਤ ਵਿੱਚ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸੁਰੱਖਿਆ ਬਲਾ ਨੂੰ ਬੁਲਾ ਕੇ ਸਥਿਤੀ ਨੂੰ ਕਾਬੂ ਵਿੱਚ ਲਿਆਉਣਾ ਪਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਯਾਤਰੀਆਂ ਲਈ ਹੋਟਲ ਵਿੱਚ ਠਹਿਰਨ ਦਾ ਵੀ ਪ੍ਰਬੰਧ ਕੀਤਾ ਹੈ। ਪੀਆਈਏ ਦੇ ਬੁਲਾਰੇ ਨੇ ਬਾਅਦ ਵਿੱਚ ਮੀਡੀਆ ਨੂੰ ਦੱਸਿਆ ਕਿ ਸਾਰੇ ਪਾਇਲਟਾਂ ਨੂੰ ਉਨ੍ਹਾਂ ਦੀ ਸ਼ਿਫਟ ਖਤਮ ਹੋਣ ਤੋਂ ਬਾਅਦ ਢੁਕਵਾਂ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਯਾਤਰੀਆਂ ਅਤੇ ਚਾਲਕ ਦਲ ਦੇ ਸਾਰੇ ਮੈਂਬਰਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਪਾਇਲਟ ਨੇ ਇਨ੍ਹਾਂ ਹੀ ਕਾਰਨਾਂ ਕਰਕੇ ਸ਼ਿਫਟ ਖਤਮ ਹੋਣ ਤੋਂ ਬਾਅਦ ਜਹਾਜ਼ ਨੂੰ ਉਡਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਫਲਾਈਟ ਅਗਲੇ ਦਿਨ ਸਵੇਰੇ 11 ਵਜੇ ਸਾਰੇ ਯਾਤਰੀਆਂ ਨੂੰ ਲੈ ਕੇ ਇਸਲਾਮਾਬਾਦ ਪਹੁੰਚੀ ਸੀ।
ਵੀਡੀਓ ਲਈ ਕਲਿੱਕ ਕਰੋ -: