ਭਾਰੀ ਆਰਥਿਕ ਤੰਗੀ ਝੱਲ ਰਹੇ ਪਾਕਿਸਤਾਨ ਵਿੱਚ ਮਹਿੰਗਾਈ ਦੇ ਨਾਲ-ਨਾਲ ਬੇਰੁਜ਼ਗਾਰੀ ਦਾ ਵੀ ਬੁਰਾ ਹਾਲ ਹੈ। ਸੋਸ਼ਲ ਮੀਡੀਆ ‘ਤੇ ਇਸਲਾਮਾਬਾਦ ਵਿੱਚ ਆਯੋਜਿਤ ਪੁਲਿਸ ਭਰਤੀ ਦੀਆਂ ਤਸਵੀਰਾਂ ਅਤੇ ਖ਼ਬਰ ਵਾਇਰਲ ਹੋ ਰਹੀ ਹੈ । ਇਸ ਵਿੱਚ 32 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੇ ਹਿੱਸਾ ਲਿਆ । ਹਾਲਾਤ ਇਹ ਹੋ ਗਏ ਹਨ ਕਿ ਇੱਕ ਸਟੇਡੀਅਮ ਦੇ ਮੈਦਾਨ ਵਿੱਚ ਜ਼ਮੀਨ ‘ਤੇ ਬਿਠਾ ਕੇ ਲਿਖ਼ਤੀ ਪ੍ਰੀਖਿਆ ਲੈਣੀ ਪਈ ।
ਸਿਪਾਹੀ ਭਰਤੀ ਪ੍ਰੀਖਿਆ ਸ਼ਨੀਵਾਰ ਨੂੰ ਇਸਲਾਮਾਬਾਦ ਦੇ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਕੀਤੀ ਗਈ ਸੀ । ਇਸ ਵਿੱਚ ਹਜ਼ਾਰਾਂ ਨੌਜਵਾਨ ਸ਼ਾਮਿਲ ਹੋਏ। ਇਸਲਾਮਾਬਾਦ ਪੁਲਿਸ ਮੁਤਾਬਕ ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਕੁੜੀਆਂ ਵੀ ਸਨ। ਪਾਕਿਸਤਾਨ ਸਰਕਾਰ ਨੇ ਸਿਪਾਹੀਆਂ ਦੇ 1667 ਅਹੁਦਿਆਂ ਦੀ ਭਰਤੀ ਲਈ ਅਸਾਮੀਆਂ ਕੱਢੀਆਂ ਸਨ। ਇਸ ਦਾ ਇਸ਼ਤਿਹਾਰ ਦੇ ਕੇ ਅਰਜ਼ੀਆਂ ਮੰਗੀਆਂ ਗਈਆਂ ਸਨ। ਦੇਸ਼ ਭਰ ਵਿੱਚੋਂ 32 ਹਜ਼ਾਰ ਤੋਂ ਜ਼ਿਆਦਾ ਨੌਜਵਾਨ ਕੁੜੀ-ਮੁੰਡਿਆਂ ਨੇ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਦਿੱਤੀਆਂ ਸਨ। ਪਿਛਲੇ 5 ਸਾਲਾਂ ਤੋਂ ਇਹ ਅਹੁਦੇ ਖ਼ਾਲੀ ਪਏ ਸਨ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਨੋਟਬੰਦੀ ‘ਤੇ ਕੇਂਦਰ ਸਰਕਾਰ ਨੂੰ ਦਿੱਤੀ ਕਲੀਨ ਚਿੱਟ, ਕਿਹਾ- ‘ਸਰਕਾਰ ਦਾ ਫ਼ੈਸਲਾ ਸਹੀ’
ਦੱਸ ਦੇਈਏ ਕਿ ਇਸਲਾਮਾਬਾਦ ਵਿੱਚ ਪੁਲਿਸ ਭਰਤੀ ਪ੍ਰੀਖਿਆ ਵਿੱਚ ਇਕੱਠੀ ਹੋਈ ਨੌਜਵਾਨਾਂ ਦੀ ਭੀੜ ਨੂੰ ਦੇਖਦੇ ਹੋਏ ਹੁਣ ਪਾਕਿਸਤਾਨ ਵਿੱਚ ਬੇਰੁਜ਼ਗਾਰੀ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਹਜ਼ਾਰਾਂ ਅਹੁਦੇ ਖ਼ਾਲੀ ਹੋਣ ਤੋਂ ਬਾਅਦ ਉਨ੍ਹਾਂ ‘ਤੇ ਭਰਤੀ ਨਹੀਂ ਹੋ ਪਾ ਰਹੀ ਹੈ, ਕਿਉਂਕਿ ਸਰਕਾਰ ਕੋਲ ਪੈਸਾ ਨਹੀਂ ਹੈ । ਅਜਿਹੇ ਵਿੱਚ ਜਦੋਂ ਵੀ ਕੋਈ ਸਰਕਾਰੀ ਭਰਤੀ ਹੁੰਦੀ ਹੈ ਤਾਂ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਇਨ੍ਹਾਂ ਵਿੱਚ ਭਰਤੀ ਹੋਣ ਲਈ ਨਿਕਲ ਪੈਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: