Pakistan to reopen schools: ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਜਿਸਦੇ ਮੱਦੇਨਜ਼ਰ ਸਕੂਲ ਆਦਿ ਬਹੁਤ ਸਮੇਂ ਤੋਂ ਬੰਦ ਪਏ ਹਨ। ਪਰ ਹੁਣ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 21 ਸਤੰਬਰ ਤੋਂ ਭਾਰਤ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਸਕੂਲ ਖੁੱਲ੍ਹ ਰਹੇ ਹਨ। ਉੱਥੇ ਹੀ ਦੂਜੇ ਪਾਸੇ ਭਾਰਤ ਤੋਂ ਇੱਕ ਹਫ਼ਤਾ ਪਹਿਲਾਂ ਗੁਆਂਢੀ ਦੇਸ਼ ਪਾਕਿਸਤਾਨ ਵਿੱਚ 15 ਸਤੰਬਰ ਯਾਨੀ ਅੱਜ ਸਕੂਲ ਖੁੱਲ੍ਹ ਗਏ ਹਨ । ਇਸ ਤੋਂ ਇਲਾਵਾ ਕੋਰੋਨਾ ‘ਤੇ ਕੰਟਰੋਲ ਲਈਵੀ ਪਾਕਿਸਤਾਨ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਦਰਅਸਲ, 15 ਸਤੰਬਰ ਯਾਨੀ ਕਿ ਅੱਜ ਤੋਂ ਭਾਰਤ ਤੋਂ ਪੂਰਾ ਇੱਕ ਹਫ਼ਤਾ ਪਹਿਲਾਂ ਪਾਕਿਸਤਾਨ ਦੇ ਸਾਰੇ ਉੱਚ ਸਿੱਖਿਆ ਸੰਸਥਾਵਾਂ ਦੇ ਨਾਲ-ਨਾਲ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ। ਇਸ ਦੇ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਪੂਰੀ ਤਿਆਰੀ ਕੀਤੀ ਗਈ ਹੈ।
ਇਸ ਸਬੰਧੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਕੱਲ੍ਹ ਅਸੀਂ ਲੱਖਾਂ ਬੱਚਿਆਂ ਦਾ ਸਕੂਲ ਵਾਪਸ ਆਉਣ ਦਾ ਸਵਾਗਤ ਕਰਾਂਗੇ । ਇਹ ਯਕੀਨੀ ਬਣਾਉਣਾ ਸਾਡੀ ਪ੍ਰਾਥਮਿਕਤਾ ਅਤੇ ਸਮੂਹਿਕ ਜ਼ਿੰਮੇਵਾਰੀ ਹੈ ਕਿ ਹਰੇਕ ਬੱਚਾ ਪੜ੍ਹਾਈ ਲਈ ਸੁਰੱਖਿਅਤ ਸਕੂਲ ਜਾ ਸਕੇ। ਅਸੀਂ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਕੂਲ ਓਪਰੇਸ਼ਨ ਪੂਰੀ ਤਰ੍ਹਾਂ COVID-19 ਜਨਤਕ ਸਿਹਤ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਣ।
ਦੱਸ ਦੇਈਏ ਕਿ ਕੋਰੋਨਾ ਨਾਲ ਲੜਾਈ ਵਿੱਚ ਵੀ ਪਾਕਿਸਤਾਨ ਅੰਤਰਰਾਸ਼ਟਰੀ ਸਟੇਜ ਤੋਂ ਕਾਫ਼ੀ ਪ੍ਰਸ਼ੰਸਾ ਪ੍ਰਾਪਤ ਕਰ ਰਿਹਾ ਹੈ । ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਖੁਦ ਨੂੰ ਭਾਰਤ ਦੇ ਗੁਆਂਢੀ ਦੇਸ਼ ਦੀ ਪ੍ਰਸ਼ੰਸਾ ਕਰਨ ਤੋਂ ਨਹੀਂ ਰੋਕ ਸਕੇ। WHO ਮੁਖੀ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣ ਦੀ ਜ਼ਰੂਰਤ ਹੈ। WHO ਮੁਖੀ ਨੇ ਕੋਰੋਨਾ ਖਿਲਾਫ ਪਾਕਿਸਤਾਨ ਸਰਕਾਰ ਦੀਆਂ ਰਣਨੀਤੀਆਂ ਦਾ ਸਮਰਥਨ ਕੀਤਾ। ਇੱਥੇ ਕੋਵਿਡ -19 ਨਾਲ ਨਜਿੱਠਣ ਲਈ ਕਈ ਸਾਲ ਪਹਿਲਾਂ ਬਣਾਏ ਗਏ ਪੋਲੀਓ ਖਾਤਮੇ ਦਾ ਬੁਨਿਆਦੀ ਢਾਂਚੇ ਦਾ ਸਹਾਰਾ ਲਿਆ ਗਿਆ। ਇਸ ਦੇ ਤਹਿਤ ਬੱਚਿਆਂ ਨੂੰ ਘਰ-ਘਰ ਜਾ ਕੇ ਪੋਲੀਓ ਵੈਕਸੀਨ ਦੇਣ ਵਾਲੇ ਪਾਕਿਸਤਾਨ ਦੇ ਕਮਿਊਨਿਟੀ ਹੈਲਥ ਵਰਕਰਾਂ ਦੀ ਵੀ ਸ਼ਲਾਘਾ ਕੀਤੀ ।
ਇੱਕ ਵੈਬਸਾਈਟ ਅਨੁਸਾਰ ਪਾਕਿਸਤਾਨ ਦੇ ਸਿੱਖਿਆ ਮੰਤਰੀ ਸ਼ਫਕਤ ਮਹਿਮੂਦ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 15 ਸਤੰਬਰ ਤੋਂ ਤਕਰੀਬਨ 300,000 ਸਕੂਲ-ਕਾਲਜ ਅਤੇ ਯੂਨੀਵਰਸਿਟੀ ਖੋਲ੍ਹੇ ਜਾਣਗੇ। ਇਸ ਤੋਂ ਬਾਅਦ ਵਿਦਿਅਕ ਸੰਸਥਾਵਾਂ ਨੂੰ ਪੜਾਅਵਾਰ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਭ ਕੁਝ ਠੀਕ ਰਿਹਾ ਤਾਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ 23 ਸਤੰਬਰ ਨੂੰ ਸਕੂਲ ਵਾਪਸ ਆਉਣਗੇ, ਜਦੋਂਕਿ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ 30 ਸਤੰਬਰ ਨੂੰ ਸਕੂਲ ਵਾਪਸ ਆਉਣਗੇ।