ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਸਿੰਧ ਦੇ ਡਹਾਰਕੀ ਖੇਤਰ ਵਿੱਚ ਦੋ ਰੇਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਹਨ, ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੁੱਢਲੀ ਜਾਣਕਾਰੀ ਦੇ ਅਨੁਸਾਰ, ਹੁਣ ਤੱਕ 30 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ।
ਮਿਲਤ ਐਕਸਪ੍ਰੈਸ ਅਤੇ ਸਰ ਸਯਦ ਐਕਸਪ੍ਰੈਸ ਵਿਚਾਲੇ ਹੋਈ ਟੱਕਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਬੋਗੀਆਂ ਵਿੱਚ ਫਸੇ ਹੋਏ ਹਨ। ਮਿਲਤ ਐਕਸਪ੍ਰੈਸ ਅਤੇ ਸਰ ਸਯਦ ਐਕਸਪ੍ਰੈਸ ਵਿਚਕਾਰ ਪਾਕਿਸਤਾਨ ਦੇ ਸਿੰਧ ਸੂਬੇ ਦੇ ਘੋਟਾਕੀ ਜ਼ਿਲੇ ਦੇ ਡਹਾਰਕੀ ਵਿਖੇ ਸੋਮਵਾਰ ਤੜਕੇ ਲੱਗਭਗ 3:45 ਵਜੇ ਇਹ ਟੱਕਰ ਹੋਈ ਹੈ। ਟੱਕਰ ਕਾਰਨ ਮਿਲਤ ਐਕਸਪ੍ਰੈੱਸ ਦੇ ਅੱਠ ਕੋਚ ਪੱਟੜੀ ਤੋਂ ਉੱਤਰ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਘੋਟਾਕੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ।
ਦਰਅਸਲ ਮਿਲਤ ਐਕਸਪ੍ਰੈਸ ਦੀਆਂ ਕਈ ਬੋਗੀਆਂ ਕੰਟਰੋਲ ਤੋਂ ਬਾਹਰ ਗਈਆਂ ਅਤੇ ਦੂਸਰੇ ਟਰੈਕ ‘ਤੇ ਜਾ ਡਿੱਗੀਆਂ ਅਤੇ ਦੂਜੇ ਟਰੈਕ ‘ਤੇ ਸਾਹਮਣੇ ਤੋਂ ਆ ਰਹੀ ਸਰ ਸਯਦ ਐਕਸਪ੍ਰੈਸ ਇਸ ਨਾਲ ਟਕਰਾ ਗਈ। ਇਸ ਕਾਰਨ ਮਿਲਤ ਐਕਸਪ੍ਰੈਸ ਦੇ ਅੱਠ ਡੱਬੇ ਅਤੇ ਸਰ ਸਯਦ ਐਕਸਪ੍ਰੈਸ ਦੇ ਚਾਰ ਡੱਬੇ ਇੰਜਣ ਸਮੇਤ ਟਰੈਕ ਤੋਂ ਉੱਤਰ ਗਏ। ਮਿਲਤ ਐਕਸਪ੍ਰੈਸ ਕਰਾਚੀ ਤੋਂ ਸਰਗੋਧਾ ਜਾ ਰਹੀ ਸੀ ਅਤੇ ਸਰ ਸਯਦ ਐਕਸਪ੍ਰੈਸ ਰਾਵਲਪਿੰਡੀ ਤੋਂ ਕਰਾਚੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਟਰੈਕਟਰ ਟਰਾਲੀ ਰਾਹੀਂ ਲਿਜਾਇਆ ਜਾ ਰਿਹਾ ਹੈ। ਸਾਰੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਘੋਟਾਕੀ, ਧਾਰਕੀ, ਓਬੇਰੋ ਅਤੇ ਮੀਰਪੁਰ ਮੈਥੇਲੋ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਦਿਆਂ ਡਿਊਟੀ ’ਤੇ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ : ‘ਵੈਕਸੀਨ’ ਮੁੱਦੇ ‘ਤੇ ਹੁਣ ਨਵਜੋਤ ਕੌਰ ਸਿੱਧੂ ਨੇ ਵੀ ਘੇਰੀ ਕਾਂਗਰਸ ਸਰਕਾਰ, ਕਿਹਾ-ਹੋਰ ਤਰੀਕੇ ਕਮਾ ਲੈਂਦੀ ਮੁਨਾਫਾ
ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਬਚਾਅ ਟੀਮ ਪਹੁੰਚ ਗਈ ਹੈ, ਜਿਸ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਭਾਰੀ ਕਟਰ ਅਤੇ ਮਸ਼ੀਨਰੀ ਅਜੇ ਤੱਕ ਇੱਥੇ ਨਹੀਂ ਪਹੁੰਚੀ ਹੈ। ਰੇਲ ਹਾਦਸੇ ਕਾਰਨ ਕਈ ਰੇਲ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਕਿੰਨਾ ਚਿਰ ਜਾਰੀ ਰਹਿਣਗੇ। ਕਮਿਸ਼ਨਰ ਨੇ ਕਿਹਾ ਕਿ ਇਹ ਬਹੁਤ ਚੁਣੌਤੀ ਭਰਿਆ ਕੰਮ ਹੈ। ਬੋਗੀਆਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਵੱਡੀਆਂ ਮਸ਼ੀਨਾਂ ਨੂੰ ਮੌਕੇ ‘ਤੇ ਲਿਆਉਣਾ ਪਏਗਾ। ਉਨ੍ਹਾਂ ਕਿਹਾ ਕਿ ਸਾਰੇ ਡਾਕਟਰਾਂ ਨੂੰ ਕੰਮ ਕਰਨ ਲਈ ਬੁਲਾਇਆ ਗਿਆ ਹੈ। ਯਾਤਰੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।
ਇਹ ਵੀ ਦੇਖੋ : ਪਾਕਿ ‘ਚ ਵੱਡਾ ਹਾਦਸਾ: 2 ਰੇਲਾਂ ਦੀ ਆਹਮੋ-ਸਾਹਮਣੇ ਟੱਕਰ, ਚੜਦੀ ਸਵੇਰ 30 ਮੌਤਾਂ ਸੈਂਕੜੇ ਲੋਕ ਹੋਏ ਫੱਟੜ !