ਪਾਕਿਸਤਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ । ਦਰਅਸਲ, ਨਦੀ ਵਿੱਚ ਇੱਕ ਵੈਨ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ । ਇਹ ਹਾਦਸਾ ਖੈਬਰ-ਪਖਤੂਨਖਵਾ ਸੂਬੇ ਵਿੱਚ ਵਾਪਰਿਆ ਹੈ ।
ਇੱਕ ਰਿਪੋਰਟ ਅਨੁਸਾਰ ਇਹ ਵੈਨ ਚਿਲਾਸ ਤੋਂ ਰਾਵਲਪਿੰਡੀ ਜਾ ਰਹੀ ਸੀ, ਜਦੋਂ ਇਹ ਕੋਹਿਸਤਾਨ ਜ਼ਿਲ੍ਹੇ ਦੇ ਪਾਨੀਬਾ ਖੇਤਰ ਵਿੱਚ ਸਿੰਧ ਨਦੀ ਵਿੱਚ ਜਾ ਡਿੱਗੀ । ਸਫ਼ਰ ਦੇ ਲਈ ਪਰਿਵਾਰ ਵੱਲੋਂ ਨਿੱਜੀ ਤੌਰ ‘ਤੇ ਕਿਰਾਏ ‘ਤੇ ਲਈ ਗਈ ਵੈਨ ਵਿੱਚ ਡਰਾਈਵਰ ਸਣੇ 17 ਲੋਕ ਸਵਾਰ ਸਨ। ਰਿਪੋਰਟਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਾਲਕ ਨੇ ਇੱਕ ਮੋੜ ‘ਤੇ ਗੱਡੀ ਤੋਂ ਕੰਟਰੋਲ ਗੁਆ ਲਿਆ।
ਇਹ ਵੀ ਪੜ੍ਹੋ: ਕੈਨੇਡਾ ‘ਚ ਪਿਕਅੱਪ ਟਰੱਕ ਨੇ ਮੁਸਲਿਮ ਪਰਿਵਾਰ ਦੇ 5 ਮੈਂਬਰਾਂ ਨੂੰ ਕੁਚਲਿਆ, 4 ਲੋਕਾਂ ਦੀ ਮੌਤ
ਪੁਲਿਸ ਨੇ ਦੱਸਿਆ ਕਿ ਵੈਨ ਦੇ ਡਰਾਈਵਰ ਤੋਂ ਕੰਟਰੋਲ ਖੋ ਜਾਣ ਤੋਂ ਬਾਅਦ ਵੈਨ ਸਿੰਧੁ ਨਦੀ ਵਿੱਚ ਡਿੱਗ ਗਈ ਤੇ ਪਾਣੀ ਵਿੱਚ ਡੁੱਬ ਗਈ। ਇਸ ਬਾਰੇ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਬਚਾਅ ਟੀਮਾਂ ਲਾਪਤਾ ਯਾਤਰੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਮੁਸ਼ਕਿਲ ਖੇਤਰ ਅਤੇ ਨਦੀ ਦੀ ਡੂੰਘਾਈ ਕਾਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਰੇਲ ਹਾਦਸਾ ਹੋਇਆ ਸੀ। ਸਿੰਧ ਦੇ ਧਾਰਕੀ ਖੇਤਰ ਵਿੱਚ ਦੋ ਰੇਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਣ ਤੇ ਘੱਟੋ-ਘੱਟ 50 ਵਿਅਕਤੀਆਂ ਦੀ ਮੌਤ ਹੋ ਗਈ ਸੀ ।
ਇੰਨਾ ਹੀ ਨਹੀਂ ਇਸ ਭਿਆਨਕ ਹਾਦਸੇ ਵਿੱਚ ਤਕਰੀਬਨ 70 ਲੋਕ ਜ਼ਖਮੀ ਹੋਣ ਬਾਰੇ ਵੀ ਕਿਹਾ ਗਿਆ ਸੀ । ਪੁਲਿਸ ਨੇ ਕਿਹਾ ਕਿ ਦੇਸ਼ ਦੇ ਉੱਤਰੀ ਖੇਤਰਾਂ ਨੂੰ ਜੋੜਨ ਵਾਲੀਆਂ ਸੜਕਾਂ ਕੁਝ ਅਜਿਹੇ ਪਹਾੜਾਂ ਵਿੱਚੋਂ ਲੰਘਦੀਆਂ ਹਨ, ਜੋ ਅਕਸਰ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਹਨ।