Pakistan Wheat price: ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਮਹਿੰਗਾਈ ਦੀ ਮਾਰ ਵੱਧਦੀ ਹੀ ਜਾ ਰਹੀ ਹੈ। ਸਥਿਤੀ ਇਹ ਹੈ ਕਿ ਹੁਣ ਕਣਕ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ, ਜਿਸਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦਰਅਸਲ, ਪਾਕਿਸਤਾਨ ਵਿੱਚ ਕਣਕ ਦਾ ਭਾਅ 60 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚਾ ਰੇਟ ਹੈ। ਪਾਕਿਸਤਾਨ ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ ਸਰਕਾਰ 2400 ਰੁਪਏ ਪ੍ਰਤੀ 40 ਕਿੱਲੋ ਤੋਂ ਹੇਠਾਂ ਮੁੱਲ ਨਹੀਂ ਰੱਖ ਸਕੀ ਹੈ।
ਪਾਕਿਸਤਾਨੀ ਮੀਡੀਆ ਅਨੁਸਾਰ ਪਿਛਲੇ ਸਾਲ ਦਸੰਬਰ ਵਿੱਚ ਵੀ ਅਜਿਹੀ ਹੀ ਸਥਿਤੀ ਪੈਦਾ ਹੋਈ ਸੀ ਜਦੋਂ ਕਣਕ ਨੂੰ ਲੈ ਕੇ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਸਨ। ਹੁਣ ਇੱਕ ਵਾਰ ਫਿਰ ਇਸ ਸਾਲ ਅਕਤੂਬਰ ਵਿੱਚ ਪਹਿਲਾਂ ਵਾਲੀ ਸਥਿਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ ਤੱਕ ਸਥਿਤੀ ਹੋਰ ਵਿਗੜ ਸਕਦੀ ਹੈ। ਕੀਮਤ ਵਿੱਚ ਵਾਧੇ ਤੋਂ ਬਾਅਦ, ਪਾਕਿਸਤਾਨ ਵਿੱਚ ਅਨਾਜ ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਫੰਡ ਦੇਣ ਤਾਂ ਜੋ ਫਸਲ ਸਮੇਂ ਸਿਰ ਪੈਦਾ ਕੀਤੀ ਜਾ ਸਕੇ ਅਤੇ ਕੀਮਤ ਵਿੱਚ ਕਟੌਤੀ ਕੀਤੀ ਜਾ ਸਕੇ। ਹਾਲਾਂਕਿ, ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਕਿਸੇ ਸੂਬੇ ਦੀ ਸਰਕਾਰ ਨੂੰ ਫੰਡ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਹੁਣ ਪਾਕਿਸਤਾਨ ਵੱਲੋਂ ਰੂਸ ਤੋਂ ਕਣਕ ਦੀ ਖੇਪ ਮੰਗਾਈ ਜਾ ਰਹੀ ਹੈ। ਰੂਸ ਤੋਂ ਆਉਣ ਵਾਲਾ ਅਨਾਜ ਇਸ ਮਹੀਨੇ ਤਕਰੀਬਨ 2 ਲੱਖ ਮੀਟ੍ਰਿਕ ਟਨ ‘ਤੇ ਪਹੁੰਚ ਜਾਵੇਗਾ। ਪਾਕਿਸਤਾਨ ਵਿੱਚ ਹੁਣ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇੱਕ ਪ੍ਰਸਤਾਵ ਭੇਜਿਆ ਜਾਵੇਗਾ ਕਿ ਕਣਕ, ਖੰਡ ਅਤੇ ਮੁਰਗੀ ਦੀ ਕੀਮਤ ਰੋਟੀ ਦੀ ਤਰ੍ਹਾਂ ਤੈਅ ਕੀਤੀ ਜਾਵੇ। ਉੱਥੇ ਹੀ ਦੂਜੇ ਪਾਸੇ, ਪਾਕਿਸਤਾਨ ਵਿੱਚ ਬੀਜਾਂ ਨੂੰ ਲੈ ਕੇ ਵੀ ਮਾਰ ਪੈ ਗਈ ਹੈ। ਕਿਸਾਨਾਂ ਅਤੇ ਬੀਜ ਨਿਗਮ ਨੇ ਸਰਕਾਰ ਤੋਂ 24 ਘੰਟੇ ਦੇ ਅੰਦਰ-ਅੰਦਰ ਕੀਮਤ ਤੈਅ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਜੇ ਪਿਛਲੇ ਸਾਲ ਦੀ ਤੁਲਨਾ ਕੀਤੀ ਜਾਵੇ ਤਾਂ ਪਾਕਿਸਤਾਨ ਵਿੱਚ ਮਹਿੰਗਾਈ ਦੀ ਦਰ ਘੱਟ ਹੈ ਪਰ ਮਾਹਰਾਂ ਨੇ ਇਸ ਦੇ ਵਧਣ ਦੀ ਭਵਿੱਖਬਾਣੀ ਕੀਤੀ ਹੈ।