ਵਿਸ਼ਵ ਸਿਹਤ ਸੰਗਠਨ (WHO) ਦੇ ਯੂਰਪ ਦੇ ਨਿਰਦੇਸ਼ਕ ਹੰਸ ਕਲੂਗੇ ਨੇ ਕਿਹਾ ਹੈ ਕਿ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਨੇ ਯੂਰਪੀਅਨ ਦੇਸ਼ਾਂ ਵਿੱਚ ਮਹਾਂਮਾਰੀ ਨੂੰ ਇੱਕ ਨਵੇਂ ਪੜਾਅ ‘ਤੇ ਪਹੁੰਚਾਇਆ ਹੈ ਅਤੇ ਇਹ ਖਤਮ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ, “ਇਹ ਸ਼ਲਾਘਾਯੋਗ ਹੈ ਕਿ ਖੇਤਰ ਇੱਕ ਕਿਸਮ ਦੀ ਮਹਾਂਮਾਰੀ ਦੇ ਅੰਤ ਵੱਲ ਵੱਧ ਰਿਹਾ ਹੈ।” ਹਾਲਾਂਕਿ, ਇੱਕ ਇੰਟਰਵਿਊ ਵਿੱਚ ਹੰਸ ਕਲੂਗੇ ਨੇ ਕਿਹਾ ਕਿ ਓਮੀਕ੍ਰੋਨ ਮਾਰਚ ਤੱਕ 60 ਫੀਸਦੀ ਯੂਰਪੀਅਨਾਂ ਨੂੰ ਸੰਕਰਮਿਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ, “ਇੱਕ ਵਾਰ ਪੂਰੇ ਯੂਰਪ ਵਿੱਚ ਓਮੀਕ੍ਰੋਨ ਦਾ ਮੌਜੂਦਾ ਵਾਧਾ ਘੱਟ ਹੋਣ ਤੋਂ ਬਾਅਦ, ਕੁੱਝ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਗਲੋਬਲ ਇਮਿਊਨਿਟੀ ਵਿਕਸਿਤ ਹੋ ਜਾਵੇਗੀ। ਇਹ ਜਾਂ ਤਾਂ ਵੈਕਸੀਨ ਦੇ ਕਾਰਨ ਜਾਂ ਲਾਗ ਪ੍ਰਤੀ ਕੁਦਰਤੀ ਤੌਰ ‘ਤੇ ਵਿਕਸਤ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦੀ ਹੈ।” ਕਲੂਗੇ ਨੇ ਕਿਹਾ, “ਸਾਨੂੰ ਅੰਦਾਜ਼ਾ ਹੈ ਕਿ ਕੋਵਿਡ-19 ਸਾਲ ਦੇ ਅੰਤ ਤੱਕ ਇਸ ਦੇ ਖਤਮ ਹੋਣ ਤੋਂ ਪਹਿਲਾਂ ਇੱਕ ਵਾਰ ਫਿਰ ਵਾਪਿਸ ਆ ਸਕਦਾ ਹੈ, ਪਰ ਜ਼ਰੂਰੀ ਨਹੀਂ ਕਿ ਮਹਾਂਮਾਰੀ ਵਾਪਿਸ ਆਵੇ।”
ਚੋਟੀ ਦੇ ਅਮਰੀਕੀ ਵਿਗਿਆਨੀ ਐਂਥਨੀ ਫੌਸੀ ਨੇ ਵੀ ਐਤਵਾਰ ਨੂੰ ਅਜਿਹੀ ਹੀ ਸੰਭਾਵਨਾ ਜ਼ਾਹਿਰ ਕੀਤੀ ਸੀ। ਉਨ੍ਹਾਂ ਨੇ ਇੱਕ ਸ਼ੋਅ ਦੌਰਾਨ ਦੱਸਿਆ ਕਿ ਸੰਯੁਕਤ ਰਾਜ ਦੇ ਕੁੱਝ ਹਿੱਸਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਬਹੁਤ “ਤੇਜ਼” ਕਮੀ ਦੇਖੀ ਗਈ ਹੈ, ਜੋ ਇੱਕ ਚੰਗਾ ਸੰਕੇਤ ਹੈ। ਅਫਰੀਕਾ ਵਿੱਚ WHO ਦੇ ਖੇਤਰੀ ਦਫਤਰ ਨੇ ਵੀ ਪਿਛਲੇ ਹਫਤੇ ਕਿਹਾ ਸੀ ਕਿ ਉਸ ਖੇਤਰ ਵਿੱਚ ਕੋਵਿਡ ਦੇ ਕੇਸ ਘੱਟ ਰਹੇ ਹਨ ਅਤੇ ਓਮੀਕਰੋਨ ਕਾਰਨ ਚੌਥੀ ਲਹਿਰ ਦੇ ਸਿਖਰ ਤੋਂ ਬਾਅਦ ਪਹਿਲੀ ਵਾਰ ਮੌਤਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: