ਨੇਪਾਲ ਦੇ ਭਦਰਪੁਰ ਏਅਰਪੋਰਟ ‘ਤੇ ਸ਼ੁੱਕਰਵਾਰ ਰਾਤ ਬੁੱਧ ਏਅਰ ਦਾ ਇਕ ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਅੱਗੇ ਨਿਕਲ ਗਿਆ। ਅਧਿਕਾਰੀਆਂ ਮੁਤਾਬਕ ਜਹਾਜ਼ ਵਿਚ 55 ਲੋਕ ਸਵਾਰ ਸਨ ਤੇ 4 ਕਰੂ ਮੈਂਬਰ ਵੀ ਸਨ। ਕਰੂ ਮੈਂਬਰਾਂ ਦੀ ਮਦਦ ਨਾਲ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਅਧਿਕਾਰੀਆਂ ਮੁਤਾਬਕ ਜਹਾਜ਼ ਕਾਠਮੰਡੂ ਤੋਂ ਭਦਰਪੁਰ ਆ ਰਿਹਾ ਸੀ ਭਦਰਪੁਰ ਵਿਚ ਰਾਤ ਲਗਭਗ 9 ਵਜੇ ਲੈਂਡਿੰਗ ਸਮੇਂ ਜਹਾਜ਼ ਰਨਵੇ ਤੋਂ ਅੱਗੇ ਨਿਕਲ ਗਿਆ। ਜਹਾਜ਼ ਰਨਵੇ ਤੋਂ ਲਗਭਗ 200 ਮੀਟਰ ਅੱਗੇ ਇਕ ਛੋਟੀ ਜਿਹੀ ਨਦੀ ਕੋਲ ਜਾ ਕੇ ਰੁਕਿਆ। ਇਸ ਦੌਰਾਨ ਜਹਾਜ਼ ਨੁਕਸਾਨਿਆ ਵੀ ਗਿਆ।
ਰਿਪੋਰਟ ਮੁਤਾਬਕ ਬੁੱਧ ਏਅਰ ਦੀ ਫਲਾਈਟ ਨੰਬਰ 901 ਨੇ ਕਾਠਮੰਡੂ ਤੋਂ ਰਾਤ 8.23 ਵਜੇ ਉਡਾਣ ਭਰੀ ਸੀ। ਜਹਾਜ਼ ਦੀ ਕਮਾਨ ਕੈਪਟਨ ਸ਼ੈਲੇਸ਼ ਲਿੰਬੂ ਦੇ ਹੱਥਾਂ ਵਿਚ ਸੀ। ਰਾਤ ਲਗਭਗ 9.08 ਵਜੇ ਜਦੋਂ ਜਹਾਜ਼ ਝਾਪਾ ਜ਼ਿਲ੍ਹੇ ਦੇ ਭਦਰਪੁਰ ਏਅਰਪੋਰਟ ‘ਤੇ ਲੈਂਡ ਹੋਇਆ ਉੁਦੋਂ ਉਹ ਰਨਵੇ ‘ਤੇ ਫਿਸਲ ਗਿਆ। ਘਟਨਾ ਦੇ ਤੁਰੰਤ ਬਾਅਦ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ ਪਰ ਪਾਇਲਟ ਦੀ ਸੂਝਬੂਝ ਨਾਲ ਵੱਡਾ ਸੰਕਟ ਟਲ ਗਿਆ।
ਇਹ ਵੀ ਪੜ੍ਹੋ : CM ਮਾਨ ਹੁਸ਼ਿਆਰਪੁਰ ‘ਚ ਲਹਿਰਾਉਣਗੇ ਤਿਰੰਗਾ, 26 ਜਨਵਰੀ ਨੂੰ ਲੈ ਕੇ ਸ਼ੈਡਿਊਲ ਜਾਰੀ
ਤ੍ਰਿਭੂਵਣ ਕੌਮਾਂਤਰੀ ਹਵਾਈ ਅੱਡੇ ਦੇ ਬੁਲਾਰੇ ਰਿੰਜੀ ਸ਼ੇਰਪਾ ਨੇ ਦੱਸਿਆ ਕਿ ਜਹਾਜ਼ ਫਿਸਲ ਕੇ ਚਿੱਕੜ ਤੇ ਘਾਹ ਵਾਲੇ ਖੇਤਰ ਵਿਚ ਚਲਾ ਗਿਆ ਸੀ ਜਿਸ ਨਾਲ ਉਸ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਝਾਪਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਸ਼ਿਵਰਾਮ ਗੇਲਾਲ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























