PM Jacinda Ardern inaugurates: ਬੀਤੇ ਸਾਲ ਕੋਰੋਨਾ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ ਉਦਘਾਟਨ ਮੁਲਤਵੀ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ 21 ਮਾਰਚ 2021 ਨੂੰ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੱਲੋਂ ਇਸ ਸਪੋਰਟਸ ਕੰਪਲੈਕਸ ਉਦਘਾਟਨ ਕੀਤਾ ਗਿਆ। ਇਸ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਬਾਅਦ ਪੀ.ਐਮ. ਜੈਸਿੰਡਾ ਲਗਭਗ 3 ਘੰਟੇ ਤੱਕ ਇਸ ਸਮਾਗਮ ਵਿੱਚ ਮੌਜੂਦ ਸਨ। ਇਸ ਮੌਕੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਦੀ ਤਰੱਕੀ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਬਹੁਤ ਸ਼ਲਾਘਾ ਕੀਤੀ ।
ਦਰਅਸਲ, ਨਿਊਜ਼ੀਲੈਂਡ ਵਿੱਚ ਪਿਛਲੇ 10 ਸਾਲਾਂ ਤੋਂ ਇਸ ਕੰਪਲੈਕਸ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ । ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇਸ ਕੰਪਲੈਕਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਕੰਪਲੈਕਸ ਵਿੱਚ 7 ਵੱਖ-ਵੱਖ ਖੇਡ ਸੈਂਟਰ ਬਣਾਏ ਗਏ ਹਨ। ਜਿਸ ਵਿੱਚ ਫੀਫਾ ਤੋਂ ਮਨਜ਼ੂਰ ਫੁੱਟਬਾਲ ਗਰਾਊਂਡ, ਹਾਕੀ, ਵਾਲੀਬਾਲ, ਬਾਸਕਟਬਾਲ, ਕ੍ਰਿਕਟ, ਕਬੱਡੀ, 100 ਮੀਟਰ ਰੇਸ ਟਰੈਕ ਆਦਿ ਖੇਡਾਂ ਸ਼ਾਮਿਲ ਹਨ। ਇਸ ਸਪੋਰਟਸ ਕੰਪਲੈਕਸ ਨੂੰ 8.6 ਏਕੜ ਜ਼ਮੀਨ ’ਤੇ ਬਣਾਇਆ ਗਿਆ ਹੈ। ਇਸ ਵਿੱਚ ਫਲੱਡ ਲਾਈਟਾਂ ਦੇ ਨਾਲ-ਨਾਲ ਇਨ ਬਿਲਟ ਸਾਊਂਡ ਸਿਸਟਮ ਵੀ ਰੱਖਿਆ ਗਿਆ ਹੈ ਤਾਂ ਜੋ ਖੇਡ ਪ੍ਰਬੰਧਕਾਂ ਨੂੰ ਅਲੱਗ ਤੋਂ ਸਾਊਂਡ, ਮਾਈਕ੍ਰੋਫੋਨ ਆਦਿ ਦਾ ਇੰਤਜ਼ਾਮ ਨਾ ਕਰਨਾ ਪਵੇ।
ਦੱਸ ਦੇਈਏ ਕਿ ਇਸ ਕੰਪਲੈਕਸ ਦੇ ਉਦਘਾਟਨੀ ਸਮਾਗਮ ਦੌਰਾਨ ਮੌਜੂਦ ਬਜ਼ੁਰਗਾਂ ਨੇ ਪ੍ਰਬੰਧਕ ਕਮੇਟੀ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਕਮੇਟੀ ਦੇ ਉਪਰਾਲਿਆਂ ਨਾਲ ਉਹ ਸੱਤ ਸਮੁੰਦਰ ਪਾਰ ਹੋਣ ਦੇ ਬਾਵਜੂਦ ਵੀ ਅੱਜ ਆਪਣੇ ਪਿੰਡ, ਸੂਬੇ ਅਤੇ ਦੇਸ਼ ਨਾਲ ਜੁੜੇ ਹੋਏ ਮਹਿਸੂਸ ਕਰ ਰਹੇ ਹਨ। ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਆਉਣ ਵਾਲੀ ਪੀੜ੍ਹੀ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਨਾਲ ਸਾਰੀਆਂ ਖੇਡਾਂ ਵਿੱਚ ਮੱਲਾਂ ਮਾਰ ਸਕੇਗੀ ।
ਇਹ ਵੀ ਦੇਖੋ: ਭਿਖੀਵਿੰਡ ਨੇੜੇ ਪੁਲਿਸ ਨੇ ਦੋ ਨਿਹੰਗ ਸਿੰਘਾਂ ਦਾ ਕੀਤਾ ENCOUNTER, ਦੋ ਥਾਣਾ ਮੁਖੀਆਂ ਦੇ ਵੱਢੇ ਗੁੱਟ.