ਭਾਰਤੀ ਮੂਲ ਦੇ ਲਿਓ ਵਰਾਡਕਰ ਦੂਜੀ ਵਾਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਗਏ ਹਨ । ਆਇਰਲੈਂਡ ਦੇ ਰਾਸ਼ਟਰਪਤੀ ਮਾਈਕਲ ਡੀ ਹਿਗਿੰਸ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਰਾਡਕਰ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਗਈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਲਿਓ ਵਰਾਡਕਰ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਲਿਓ ਵਰਾਡਕਰ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ। ਆਇਰਲੈਂਡ ਨਾਲ ਇਤਿਹਾਸਕ ਸਬੰਧਾਂ, ਸਾਂਝੇ ਸੰਵਿਧਾਨਕ ਮੁੱਲਾਂ ਅਤੇ ਬਹੁਪੱਖੀ ਸਹਿਯੋਗ ਨੂੰ ਮੈਂ ਬਹੁਤ ਮਹੱਤਵ ਦਿੰਦਾ ਹਾਂ। ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾ ਨੂੰ ਹੋਰ ਅਮੀਰ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।”
ਆਇਰਲੈਂਡ ਵਿੱਚ 2020 ਵਿੱਚ ਆਮ ਚੋਣਾਂ ਹੋਈਆਂ ਸਨ। ਇਸ ਤੋਂ ਬਾਅਦ ਮਾਈਕਲ ਮਾਰਟਿਨ ਦੀ ਪਾਰਟੀ ‘ਫਿਏਨਾ ਫੇਲ’ ਅਤੇ ਵਰਾਡਕਰ ਦੀ ਪਾਰਟੀ ‘ਫਿਨੇ ਗੇਲ’ ਵਿਚਕਾਰ ਇਤਿਹਾਸਕ ਸਮਝੌਤਾ ਹੋਇਆ ਸੀ । ਇਸ ਤੋਂ ਬਾਅਦ ਮਾਰਟਿਨ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ । ਇਸ ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਪੰਜ ਸਾਲ ਦੇ ਕਾਰਜਕਾਲ ਦੇ ਸ਼ੁਰੂਆਤੀ ਢਾਈ ਸਾਲਾਂ ਵਿੱਚ ਮਾਰਟਿਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਰਾਡਕਰ ਉਪ ਪ੍ਰਧਾਨ ਮੰਤਰੀ ਰਹਿਣਗੇ । ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੀ ਥਾਂ ਲੈਣਗੇ।
ਦੱਸ ਦੇਈਏ ਕਿ ਮਾਰਟਿਨ ਨੇ ਸ਼ਨੀਵਾਰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ । ਵਰਾਡਕਰ (43) ਇਸ ਤੋਂ ਪਹਿਲਾਂ 2017 ਤੋਂ 2020 ਵਿਚਾਲੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਹ ਦੇਸ਼ ਦੇ ਸਭ ਤੋਂ ਨੌਜਵਾਨ ਅਤੇ ‘ਗੇ’ ਪ੍ਰਧਾਨ ਮੰਤਰੀ ਬਣੇ ਸਨ । ਉਨ੍ਹਾਂ ਦੀ ਮਾਂ ਆਇਰਲੈਂਡ ਨਾਲ ਸਬੰਧਤ ਹੈ, ਜਦੋਂ ਕਿ ਉਸਦੇ ਪਿਤਾ ਭਾਰਤ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਅਸ਼ੋਕ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਵਰਾਡ ਪਿੰਡ ਵਿੱਚ ਰਹਿੰਦੇ ਸਨ।
ਵੀਡੀਓ ਲਈ ਕਲਿੱਕ ਕਰੋ -: