PM Modi sends letter: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਦੇ ਮੌਕੇ ‘ਤੇ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਪੀਐਮ ਮੋਦੀ ਨੇ ਪਾਕਿਸਤਾਨ ਨੂੰ ਅੱਤਵਾਦ ਦਾ ਰਾਹ ਛੱਡਣ ਦੀ ਨਸੀਹਤ ਵੀ ਦਿੱਤੀ ਹੈ। ਪੀਐਮ ਮੋਦੀ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਦੇ ਮੌਕੇ ‘ਤੇ ਪਾਕਿਸਤਾਨ ਦੇ ਲੋਕਾਂ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ।
ਪੀਐਮ ਮੋਦੀ ਨੇ ਅੱਗੇ ਲਿਖਿਆ ਕਿ ਭਾਰਤ ਪਾਕਿਸਤਾਨ ਨਾਲ ਸਦਭਾਵਨਾਪੂਰਵਕ ਸਬੰਧਾਂ ਦੀ ਇੱਛਾ ਰੱਖਦਾ ਹੈ। ਇਸ ਦੇ ਲਈ ਆਪਸੀ ਵਿਸ਼ਵਾਸ ਅਤੇ ਅੱਤਵਾਦ ਦੇ ਖਾਤਮੇ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਲਿਖਿਆ ਕਿ ਕੋਰੋਨਾ ਕਾਲ ਮਨੁੱਖਤਾ ਲਈ ਬਹੁਤ ਮੁਸ਼ਕਿਲ ਹੈ। ਮੈਂ ਤੁਹਾਨੂੰ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਇਸ ਚੁਣੌਤੀ ਨਾਲ ਬਹਾਦਰੀ ਨਾਲ ਨਜਿੱਠਣ ਦੀ ਕਾਮਨਾ ਕਰਦਾ ਹਾਂ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ 20 ਮਾਰਚ ਨੂੰ ਇਮਰਾਨ ਖਾਨ ਨੂੰ ਕੋਰੋਨਾ ਤੋਂ ਜਲਦੀ ਹੀ ਠੀਕ ਹੋਣ ਦੀ ਕਾਮਨਾ ਕੀਤੀ ਸੀ
ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਦਿਵਸ ਸਮਾਰੋਹ ਦੇ ਮੌਕੇ ‘ਤੇ ਪਾਕਿਸਤਾਨ ਦੇ ਸੀਨੀਅਰ ਪਾਕਿਸਤਾਨੀ ਡਿਪਲੋਮੈਟ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਸ਼ਾਂਤੀ ਅਤੇ ਸਥਿਰਤਾ ਲਈ ਸਾਰੇ ਦੁਵੱਲੇ ਮੁੱਦਿਆਂ ਖ਼ਾਸਕਰ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ । ਇੱਥੇ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਪਾਕਿਸਤਾਨ ਦਿਵਸ ਸਮਾਰੋਹ ਦੇ ਮੌਕੇ ਪੱਤਰਕਾਰਾਂ ਨੂੰ ਦਿੱਤੇ ਬਿਆਨ ਵਿੱਚ ਮਿਸ਼ਨ ਦੇ ਮੁਖੀ ਆਫਤਾਬ ਹਸਨ ਖਾਨ ਨੇ ਕਿਹਾ ਕਿ ਇਸ ਮੌਕੇ ਮੈਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਸਾਰੇ ਦੇਸ਼ਾਂ ਦੇ ਵਿਕਾਸ ਲਈ ਜਰੂਰੀ ਹੈ ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਸਾਰੇ ਗੁਆਂਢੀਆਂ ਖ਼ਾਸਕਰ ਭਾਰਤ ਨਾਲ ਚੰਗੇ ਦੋਸਤਾਨਾ ਸਬੰਧ ਰੱਖਣਾ ਚਾਹੁੰਦਾ ਹੈ । ਖਾਨ ਨੇ ਕਿਹਾ ਕਿ ਸਥਾਈ ਸ਼ਾਂਤੀ ਅਤੇ ਸਥਿਰਤਾ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਦੁਵੱਲੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰੀਏ, ਖ਼ਾਸਕਰ ਜੰਮੂ-ਕਸ਼ਮੀਰ ਦਾ ਮੁੱਖ ਮੁੱਦਾ, ਜੋ ਵੀ ਜ਼ਰੂਰੀ ਹੈ ਅਤੇ ਸੰਯੁਕਤ ਰਾਸ਼ਟਰ ਦੇ ਸਾਹਮਣੇ ਲੰਬੇ ਸਮੇਂ ਤੋਂ ਲਟਕਿਆ ਹੋਇਆ ਮਸਲਾ ਹੈ।