ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਸ਼ੁੱਕਰਵਾਰ ਨੂੰ ਹੋਈ ਕੁਆਡ ਦੇਸ਼ਾਂ ਦੀ ਬੈਠਕ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਯਾਰਕ ਪਹੁੰਚ ਗਏ ਹਨ। ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਹੋਟਲ ਦੇ ਬਾਹਰ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ‘ਵੰਦੇ ਮਾਤਰਮ’ ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਗਾਏ ਗਏ।
ਦੱਸ ਦੇਈਏ ਕਿ ਪੀਐੱਮ ਮੋਦੀ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਸੰਬੋਧਿਤ ਕਰਨ ਵਾਲੇ ਹਨ। ਦਰਅਸਲ, ਸੰਯੁਕਤ ਰਾਸ਼ਟਰ ਮਹਾਸਭਾ ਦਾ 27ਵਾਂ ਸੈਸ਼ਨ ਭਾਰਤ ਲਈ ਬੇਹੱਦ ਖਾਸ ਹੈ। ਕਿਉਂਕਿ ਭਾਰਤ ਵੱਲੋਂ ਇਸਦੀ ਅਗਵਾਈ ਕੀਤੀ ਜਾ ਰਹੀ ਹੈ।
ਅਜਿਹੇ ਵਿੱਚ ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਸਾਹਮਣੇ ਮਜ਼ਬੂਤੀ ਨਾਲ ਆਪਣੀ ਗੱਲ ਰੱਖ ਸਕਦਾ ਹੈ। ਪ੍ਰਧਾਨ ਮੰਤਰੀ ਦਾ ਸੰਬੋਧਨ ਭਾਰਤੀ ਸਮੇਂ ਅਨੁਸਾਰ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਜਿਸ ਤੋਂ ਬਾਅਦ ਮੋਦੀ ਹੋਟਲ ਵਿੱਚ ਪਰਤਣ ਤੋਂ ਬਾਅਦ ਰਾਤ 9.15 ਵਜੇ ਭਾਰਤ ਲਈ ਰਵਾਨਾ ਹੋਣਗੇ।
ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਜੂਦਾ ਸੈਸ਼ਨ ਵਿੱਚ ਭਾਰਤ ਵੱਲੋਂ ਅੰਤਰਰਾਸ਼ਟਰੀ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਿਆ ਜਾਵੇਗਾ। ਇਸ ਨੂੰ ਲੈ ਕੇ ਟੀਐੱਸ ਤ੍ਰਿਮੂਰਤੀ ਨੇ ਦੱਸਿਆ ਸੀ ਕਿ ਭਾਰਤ ਮੌਜੂਦਾ ਸੈਸ਼ਨ ਵਿੱਚ ਅੱਤਵਾਦ, ਜਲਵਾਯੁ ਪਰਿਵਰਤਨ, ਕੋਰੋਨਾ ਵੈਕਸੀਨ ਦੀ ਉਪਲੱਭਧਤਾ ਵਰਗੇ ਮੁੱਦਿਆਂ ਨੂੰ ਚੁੱਕੇਗਾ।
ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਸੰਬੋਧਨ ਦੇ ਨਾਲ ਹੀ ਪ੍ਰਧਾਨ ਮੰਤਰੀ ਅੱਜ ਸ਼ਾਮ ‘ਗਲੋਬਲ ਸਿਟੀਜ਼ਨ ਲਾਈਵ’ ਪ੍ਰੋਗਰਾਮ ਨੂੰ ਡਿਜ਼ੀਟਲੀ ਸੰਬੋਧਿਤ ਕਰਨਗੇ। ਗਲੋਬਲ ਸਿਟੀਜ਼ਨ ਇੱਕ ਗਲੋਬਲ ਸੰਗਠਨ ਹੈ, ਜੋ ਗਰੀਬੀ ਨੂੰ ਖਤਮ ਕਰਨ ਦੀ ਦਿਸ਼ਾ ‘ਚ ਕੰਮ ਕਰ ਰਿਹਾ ਹੈ।