ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਗਭਗ ਦੋ ਸਾਲਾਂ ਬਾਅਦ ਆਸਟ੍ਰੇਲੀਆਈ ਸਰਕਾਰ ਵੱਲੋਂ ਆਸਟ੍ਰੇਲੀਆ ਦੇ ਬਾਰਡਰ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਆਸਟ੍ਰੇਲੀਆਈ ਸਰਕਾਰ ਵੱਲੋਂ ਦੇਸ਼ ਦੀ ਸਰਹੱਦ ਨੂੰ 21 ਫਰਵਰੀ 2022 ਤੋਂ ਸੈਲਾਨੀਆਂ ਲਈ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ, ਸਿਰਫ ਕੋਵਿਡ ਟੀਕਾਕਰਨ ਕਰਵਾਉਣ ਵਾਲੇ ਸੈਲਾਨੀਆਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ । ਇੱਕ ਰਿਪੋਰਟ ਮੁਤਾਬਕ ਟੈਨਿਸ ਸਟਾਰ ਨੋਵਾਕ ਜੋਕੋਵਿਚ ਵਾਂਗ ਡਬਲ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਨੂੰ ਸਰਕਾਰ ਦੇਸ਼ ਵਿੱਚ ਐਂਟਰੀ ਨਹੀਂ ਦੇਵੇਗੀ।
ਇਸ ਸਬੰਧੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਐਂਟਰੀ ਲਈ ਲੋਕਾਂ ਨੂੰ ਇੱਕ ਸ਼ਰਤ ਪੂਰੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਆਉਣ ਲਈ ਲੋਕਾਂ ਨੂੰ ਡਬਲ ਟੀਕਾਕਰਨ ਕਰਵਾਉਣ ਦੀ ਸ਼ਰਤ ਨੂੰ ਪੂਰਾ ਕਰਨਾ ਪਵੇਗਾ । ਅਸੀਂ ਹਰ ਕਿਸੇ ਤੋਂ ਇਸ ਦੀ ਪਾਲਣਾ ਕਰਨ ਦੀ ਉਮੀਦ ਕਰਦੇ ਹਾਂ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ, ਤਾਂ ਅਸੀਂ ਆਸਟ੍ਰੇਲੀਆ ਵਿੱਚ ਤੁਹਾਡਾ ਸੁਆਗਤ ਕਰਨ ਲਈ ਉਤਸੁਕ ਹਾਂ।
ਪੀਐਮ ਮੌਰੀਸਨ ਨੇ ਕਿਹਾ ਕਿ ਕੋਵਿਡ ਦਾ ਓਮੀਕ੍ਰੋਨ ਵੇਰੀਐਂਟ ਅਜੇ ਵੀ ਆਸਟ੍ਰੇਲੀਆ ਵਿੱਚ ਮੌਜੂਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਅੰਤਰਰਾਸ਼ਟਰੀ ਸੈਲਾਨੀ ਕੋਰੋਨਾ ਵੈਕਸੀਨ ਦੀਆਂ ਡਬਲ ਡੋਜ਼ ਲੈ ਕੇ ਆ ਰਹੇ ਹਨ, ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਮੌਜੂਦ ਲੋਕਾਂ ਨਾਲੋਂ ਜ਼ਿਆਦਾ ਖ਼ਤਰਾ ਨਹੀਂ ਹੈ। ਦੱਸ ਦੇਈਏ ਕਿ ਪੱਛਮੀ ਆਸਟ੍ਰੇਲੀਆ ਅਜੇ ਵੀ ਕੋਵਿਡ-ਜ਼ੀਰੋ ਰਣਨੀਤੀ ਦਾ ਪਾਲਣ ਕਰ ਰਿਹਾ ਹੈ। ਇਸ ਤਰ੍ਹਾਂ ਰਾਜ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਗਮਨ ਕੈਪ ਅਤੇ 14 ਦਿਨਾਂ ਦੇ ਕੁਆਰੰਟੀਨ ਨਿਯਮਾਂ ਨੂੰ ਕਾਇਮ ਰੱਖੇਗਾ ਜੋ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਰਾਜ ਵਿੱਚ ਦਾਖਲ ਹੋਣ ਤੋਂ ਰੋਕ ਸਕਦਾ ਹੈ।
ਗੌਰਤਲਬ ਹੈ ਕਿ ਆਸਟ੍ਰੇਲੀਆ ਨੇ ਮਾਰਚ 2020 ਤੋਂ ਸਿਰਫ ਆਸਟ੍ਰੇਲੀਆਈ ਤੇ ਸਥਾਈ ਨਾਗਰਿਕਾਂ ਨੂੰ ਆਗਿਆ ਦੇਣ ਤੋਂ ਬਾਅਦ ਪੜਾਅਵਾਰ ਆਪਣੇ ਬਾਰਡਰ ਖੋਲ੍ਹੇ ਹਨ । ਇਸ ਤੋਂ ਇਲਾਵਾ ਨਵੰਬਰ 2021 ਵਿੱਚ ਸਰਕਾਰ ਵੱਲੋਂ ਸਿਰਫ ਉਨ੍ਹਾਂ ਹੁਨਰਮੰਦ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਨੂੰ ਆਗਿਆ ਦਿੱਤੀ ਗਈ ਸੀ, ਜਿਨ੍ਹਾਂ ਨੇ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ।
ਵੀਡੀਓ ਲਈ ਕਲਿੱਕ ਕਰੋ -: