Pop star Rihanna extends support: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਜਿੱਥੇ ਇੱਕ ਪਾਸੇ ਕਿਸਾਨ ਪਿੱਛੇ ਹਟਣ ਲਈ ਤਿਆਰ ਨਹੀਂ ਹਨ, ਉੱਥੇ ਹੀ ਸਰਕਾਰ ਵੀ ਜ਼ਿੱਦ ‘ਤੇ ਅੜੀ ਹੋਈ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਸੁਰੱਖਿਆ ਵੀ ਸਖਤ ਕਰ ਦਿੱਤੀ ਗਈ ਹੈ, ਜਿਸ ਕਾਰਨ ਇਹ ਸਪੱਸ਼ਟ ਹੈ ਕਿ ਆਉਣ ਵਾਲਾ ਸਮਾਂ ਕਿਸਾਨ ਅੰਦੋਲਨ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਕਿਸਾਨ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ । ਉਨ੍ਹਾਂ ਦੀ ਆਵਾਜ਼ ਹੁਣ ਸੱਤ ਸਮੁੰਦਰੋਂ ਪਾਰ ਵੀ ਪਹੁੰਚ ਰਹੀ ਹੈ। ਕਿਸਾਨਾਂ ਦੀ ਆਵਾਜ਼ ਮਸ਼ਹੂਰ ਗਾਇਕ ਅਤੇ ਕਲਾਕਾਰ ਰਿਹਾਨਾ ਤੱਕ ਵੀ ਪਹੁੰਚ ਗਈ ਹੈ। ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ।
ਦਰਅਸਲ, ਰਿਹਾਨਾ ਨੇ ਟਵਿੱਟਰ ‘ਤੇ ਇੱਕ ਖਬਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਕਿਸਾਨ ਅੰਦੋਲਨ ਕਾਰਨ ਪ੍ਰਭਾਵਿਤ ਇੰਟਰਨੈੱਟ ਸੇਵਾ ਦਾ ਜ਼ਿਕਰ ਕੀਤਾ ਗਿਆ ਹੈ । ਲੇਖ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਕਿਸਾਨੀ ਅੰਦੋਲਨ ਕਾਰਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾ ਬੰਦ ਕੀਤੀ ਗਈ ਹੈ। ਜਦੋਂ ਰਿਹਾਨਾ ਨੂੰ ਭਾਰਤ ਵਿੱਚ ਜਾਰੀ ਕਿਸਾਨਾਂ ਦੇ ਅੰਦੋਲਨ ਬਾਰੇ ਪਤਾ ਲੱਗਿਆ, ਤਾਂ ਉਹ ਚੁੱਪ ਨਹੀਂ ਰਹੀ। ਰਿਹਾਨਾ ਨੇ ਖਬਰਾਂ ਸਾਂਝੀਆਂ ਕਰਦਿਆਂ ਕੈਪਸ਼ਨ ਵਿੱਚ ਲਿਖਿਆ- ਅਸੀਂ ਇਸ ਬਾਰੇ ਕਿਉਂ ਨਹੀਂ ਗੱਲ ਕਰ ਰਹੇ ਹਾਂ? #FarmersProtest.
ਰਿਹਾਨਾ ਦੇ ਇੰਨਾ ਹੀ ਲਿਖਣ ਦੀ ਦੇਰੀ ਸੀ ਕਿ ਉਸਦੇ ਪ੍ਰਸ਼ੰਸਕਾਂ ਨੇ ਵੀ ਇਸ ਮੁੱਦੇ ‘ਤੇ ਚਰਚਾ ਸ਼ੁਰੂ ਕਰ ਦਿੱਤੀ। ਕੁਝ ਪ੍ਰਸ਼ੰਸਕਾਂ ਨੇ ਉਸ ਨੂੰ ਭਾਰਤ ਦੇ ਕਿਸਾਨ ਅੰਦੋਲਨ ਤੋਂ ਦੂਰ ਰਹਿਣ ਲਈ ਕਿਹਾ ਅਤੇ ਕੁਝ ਨੇ ਉਸ ਨੂੰ ਇਸ ਮਾਮਲੇ ਬਾਰੇ ਵਧੇਰੇ ਖੋਜ ਕਰਨ ਲਈ ਕਿਹਾ । ਰਿਹਾਨਾ ਦੇ ਕੁਝ ਪ੍ਰਸ਼ੰਸਕ ਉਸਦੇ ਟਵੀਟ ਤੋਂ ਖੁਸ਼ ਹੋਏ ਅਤੇ ਉਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕਰਨ ਲਈ ਰਿਹਾਨਾ ਦਾ ਸਮਰਥਨ ਕੀਤਾ।
ਦੱਸ ਦੇਈਏ ਕਿ ਰਿਹਾਨਾ ਇੱਕ ਅੰਤਰਰਾਸ਼ਟਰੀ ਸਟਾਰ ਹੈ। ਉਨ੍ਹਾਂ ਦਾ ਭਾਰਤ ਦੇ ਕਿਸਾਨ ਅੰਦੋਲਨ ‘ਤੇ ਪ੍ਰਤੀਕਰਮ ਦੇਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਇਸ ਦੇ ਨਾਲ ਹੀ ਜਦੋਂ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ ਅਤੇ ਕੁਝ ਸਮੇਂ ਲਈ ਸਰਹੱਦ ‘ਤੇ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।