ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਸ ਵਿਚਾਲੇ ਅਫ਼ਗ਼ਾਨਿਸਤਾਨ ਦੇ ਕਾਰਜਕਾਰੀ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਕਿਹਾ ਕਿ ਤਾਲਿਬਾਨ ਜੋ ਦਾਅਵਾ ਕਰ ਰਿਹਾ ਹੈ ਉਸਨੇ ਪੰਜਸ਼ੀਰ ਦੇ ਕੁਝ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਉਹ ਬਿਲਕੁਲ ਝੂਠ ਹੈ।
ਅਸੀਂ ਪੂਰੀ ਤਰ੍ਹਾਂ ਕਾਬੂ ਵਿੱਚ ਹਾਂ, ਪੰਜਸ਼ੀਰ ਦੇ ਲੋਕਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਹੈ। ਇਸ ਤੋਂ ਅੱਗੇ ਕਾਰਜਕਾਰੀ ਰਾਸ਼ਟਰਪਤੀ ਨੇ ਕਿਹਾ ਕਿ ਪੰਜਸ਼ੀਰ ਦੇ ਲੋਕ ਤਾਲਿਬਾਨ ਅੱਗੇ ਝੁਕਣ ਲਈ ਤਿਆਰ ਨਹੀਂ ਹਨ । ਅਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਤਿਆਰ ਹਾਂ, ਅਸੀਂ ਆਪਣੇ ਇਲਾਕੇ ਵਿੱਚ ਸ਼ਾਂਤੀ ਚਾਹੁੰਦੇ ਹਾਂ। ਪਰ ਜੇ ਤਾਲਿਬਾਨ ਲੜਾਈ ਚਾਹੁੰਦਾ ਹੈ ਤਾਂ ਅਸੀਂ ਲੜਨ ਲਈ ਵੀ ਤਿਆਰ ਹਾਂ।
ਅਮਰੁੱਲਾ ਸਾਲੇਹ ਨੇ ਕਿਹਾ ਕਿ ਅਹਿਮਦ ਮਸੂਦ ਇਸ ਸਮੇਂ ਆਪਣੇ ਪਿਤਾ ਦੀ ਤਰ੍ਹਾਂ ਤਾਲਿਬਾਨ ਵਿਰੁੱਧ ਲੜ ਰਿਹਾ ਹੈ, ਹਰ ਕੋਈ ਉਸ ਦੇ ਨਾਲ ਖੜ੍ਹਾ ਹੈ । ਮੈਂ ਵੀ ਇੱਥੇ ਮੌਜੂਦ ਹਾਂ, ਹਰ ਕੋਈ ਇੱਥੇ ਇੱਕਜੁਟ ਹੈ। ਅਸੀਂ ਸਭ ਕੁਝ ਤਾਲਿਬਾਨ ‘ਤੇ ਛੱਡ ਦਿੱਤਾ ਹੈ, ਜੇਕਰ ਉਹ ਜੰਗ ਚਾਹੁੰਦੇ ਹਨ ਤਾਂ ਜੰਗ ਹੋਵੇਗੀ ਅਤੇ ਜੇ ਉਹ ਗੱਲਬਾਤ ਚਾਹੁੰਦੇ ਹਨ ਤਾਂ ਸ਼ਾਂਤੀ ਨਾਲ ਗੱਲਬਾਤ ਕੀਤੀ ਜਾਵੇਗੀ।
ਸਥਾਨਕ ਸਥਿਤੀ ਅਤੇ ਭਵਿੱਖ ਬਾਰੇ ਅਮਰੁੱਲਾ ਸਾਲੇਹ ਨੇ ਕਿਹਾ ਕਿ ਮੌਜੂਦਾ ਸਥਿਤੀ ਬਹੁਤ ਅਜੀਬ ਹੈ ਕਿਉਂਕਿ ਰਾਸ਼ਟਰਪਤੀ ਸਮੇਤ ਸਮੁੱਚੀ ਕੈਬਨਿਟ ਦੇਸ਼ ਛੱਡ ਕੇ ਜਾ ਚੁੱਕੀ ਹੈ। ਰਾਸ਼ਟਰਪਤੀ ਅਸ਼ਰਫ ਗਨੀ ਨੇ ਲੋਕਾਂ ਨੂੰ ਧੋਖਾ ਦਿੱਤਾ ਅਤੇ ਉਹ ਦੇਸ਼ ਤੋਂ ਬਾਹਰ ਚਲੇ ਗਏ । ਪਰ ਸਾਡਾ ਮਨੋਰਥ ਸਿਰਫ ਇੱਕ ਹੈ, ਅਸੀਂ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਇਹ ਵੀ ਪੜ੍ਹੋ: ਸੇਵਾਮੁਕਤ ਪਟਵਾਰੀਆਂ ਲਈ ਪੰਜਾਬ ਸਰਕਾਰ ਨੇ ਖੋਲ੍ਹੇ ਦਰਵਾਜ਼ੇ- 1766 ਮਾਲ ਪਟਵਾਰੀਆਂ ਦੀ ਕਰੇਗੀ ਭਰਤੀ
ਦੱਸ ਦੇਈਏ ਕਿ ਇਸ ਤੋਂ ਅੱਗੇ ਅਮਰੁੱਲਾ ਸਾਲੇਹ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਲੋਕਾਂ ਨੂੰ ਆਜ਼ਾਦੀ ਨਾਲ ਰਹਿਣ ਦਾ ਮੌਕਾ ਮਿਲੇ, ਅਸੀਂ ਨਹੀਂ ਚਾਹੁੰਦੇ ਕਿ ਅਫਗਾਨਿਸਤਾਨ ਤਾਲਿਬਿਸਤਾਨ ਬਣੇ।