ਰੂਸ ਤੇ ਯੂਕਰੇਨ ਵਿਚਾਲੇ ਲਗਾਤਾਰ 13ਵੇਂ ਦਿਨ ਜੰਗ ਜਾਰੀ ਹੈ। ਦੋਵੇਂ ਦੇਸ਼ ਇੱਕ ਦੂਜੇ ਦੇ ਸਾਹਮਣੇ ਝੁਕਣ ਲਈ ਤਿਆਰ ਨਹੀਂ ਹਨ। ਇਨ੍ਹਾਂ ਸਭ ਵਿਚਾਲੇ ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਕੀਵ ਛੱਡ ਕੇ ਬਨਕਰ ਵਿੱਚ ਲੁੱਕ ਗਏ ਹਨ। ਪਰ ਹੁਣ ਇਸ ਦਾਅਵੇ ਦਾ ਖੰਡਨ ਕਰਦਿਆਂ ਯੂਕਰੇਨ ਦੇ ਰਾਹਸਟ੍ਰਪਤੀ ਜ਼ੇਲੇਂਸਕੀ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਕਿਸੇ ਬੰਕਰ ਵਿੱਚ ਨਹੀਂ ਲੁਕੇ ਹਨ ਤੇ ਉਦੋਂ ਤੱਕ ਕੀਵ ਵਿੱਚ ਮੌਜੂਦ ਰਹਿਣਗੇ ਜਦੋਂ ਤੱਕ ਦੇਸ਼ ਭਗਤੀ ਨਾਲ ਭਰੇ ਇਸ ਯੁੱਧ ਨੂੰ ਜਿੱਤਣ ਲਈ ਇਹ ਜ਼ਰੂਰੀ ਹੋਵੇਗਾ।
ਜ਼ੇਲੇਂਸਕੀ ਨੇ ਕਿਹਾ ਕਿ ਮੈਂ ਮੈਦਾਨ ਛੱਡਣ ਵਾਲਾ ਨਹੀਂ ਹਾਂ. ਅਸੀਂ ਹਮੇਸ਼ਾ ਹੀ ਕਹਿੰਦੇ ਰਹੇ ਹਾਂ ਕਿ ਸੋਮਵਾਰ ਦਾ ਦਿਨ ਬਹੁਤ ਔਖਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਜੰਗ ਚੱਲ ਰਹੀ ਹੈ। ਇਸ ਲਈ ਸਾਡੇ ਲਈ ਹੁਣ ਹਰ ਦਿਨ ਸੋਮਵਾਰ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਕੀਵ ਵਿੱਚ ਬਰਕੋਵਾ ਗਲੀ ਵਿੱਚ ਮੌਜੂਦ ਹਾਂ। ਮੈਂ ਕਿਸੇ ਤੋਂ ਡਰਦਾ ਨਹੀਂ ਹਾਂ। ਮੈਂ ਆਪਣੇ ਦੇਸ਼ ਭਗਤੀ ਭਰੇ ਯੁੱਧ ਨੂੰ ਜਿੱਤਣ ਤੱਕ ਇੱਥੇ ਬਣਿਆ ਰਹਾਂਗਾ। ਇਸ ਤੋਂ ਅੱਗੇ ਜ਼ੇਲੇਂਸਕੀ ਨੇ ਇੱਕ ਹੋਰ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਭਗਵਾਨ ਮੁਆਫ਼ ਨਹੀਂ ਕਰਨਗੇ। ਅੱਜ ਨਹੀਂ, ਕੱਲ੍ਹ ਨਹੀਂ, ਕਦੇ ਨਹੀਂ ਤੇ ਮੁਆਫੀ ਦੀ ਬਜਾਏ, ਫੈਸਲਾ ਹੋਵੇਗਾ।
ਇਸ ਤੋਂ ਪਹਿਲਾਂ ਰੂਸ ਨੇ ਨਾਗਰਿਕਾਂ ਨੂੰ ਕੱਢਣ ਲਈ ਸੋਮਵਾਰ ਸਵੇਰ ਤੋਂ ਜੰਗਬੰਦੀ ਦੇ ਨਾਲ ਕਈ ਖੇਤਰਾਂ ਵਿੱਚ ਮਨੁੱਖੀ ਗਲਿਆਰੇ ਖੋਲ੍ਹਣ ਦਾ ਐਲਾਨ ਕੀਤਾ । ਹਾਲਾਂਕਿ ਨਿਕਾਸੀ ਦੇ ਰਸਤੇ ਜ਼ਿਆਦਾਤਰ ਰੂਸ ਅਤੇ ਉਸਦੇ ਸਹਿਯੋਗੀ ਬੇਲਾਰੂਸ ਵੱਲ ਜਾ ਰਹੇ ਹਨ । ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਹੈ ਜਾਂ ਨਹੀਂ। ਗਲਿਆਰਿਆਂ ਦੀ ਨਵੀਂ ਘੋਸ਼ਣਾ ਦੇ ਬਾਵਜੂਦ ਰੂਸੀ ਫੌਜ ਨੇ ਯੂਕਰੇਨ ਦੇ ਕੁਝ ਸ਼ਹਿਰਾਂ ‘ਤੇ ਰਾਕੇਟ ਹਮਲਾ ਜਾਰੀ ਰੱਖਿਆ ਅਤੇ ਕੁਝ ਖੇਤਰਾਂ ਵਿੱਚ ਭਿਆਨਕ ਲੜਾਈ ਜਾਰੀ ਰਹੀ ।
ਉੱਤਰੀ, ਦੱਖਣ ਅਤੇ ਮੱਧ ਯੂਕਰੇਨ ਦੇ ਸ਼ਹਿਰਾਂ ਵਿੱਚ ਰੂਸ ਦੀ ਲਗਾਤਾਰ ਜਾਰੀ ਗੋਲੀਬਾਰੀ ਵਿਚਾਲੇ ਹਜ਼ਾਰਾਂ ਯੂਕਰੇਨੀ ਨਾਗਰਿਕ ਉੱਥੋਂ ਸੁਰੱਖਿਅਤ ਢੰਗ ਨਾਲ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ । ਰੂਸੀ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਇਹ ਸੰਘਰਸ਼ ਵਿਰਾਮ ਰਾਜਧਾਨੀ ਕੀਵ, ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ, ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਅਤੇ ਸੁਮੀ ਤੋਂ ਨਾਗਰਿਕਾਂ ਨੂੰ ਕੱਢਣ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਰੂਸ ਅਤੇ ਯੂਕਰੇਨ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਹੋਈ ।
ਵੀਡੀਓ ਲਈ ਕਲਿੱਕ ਕਰੋ -: