ਯੂਕਰੇਨ ਤੇ ਰੂਸ ਵਿਚਾਲੇ ਜੰਗ ਅੱਜ 12ਵੇਂ ਦਿਨ ਵੀ ਜਾਰੀ ਹੈ। ਅੱਜ ਦੋਹਾਂ ਦੇਸ਼ਾਂ ਵਿਚਾਲੇ ਬੇਲਾਰੂਸ ਵਿੱਚ ਤੀਜੇ ਦੌਰ ਦੀ ਗੱਲਬਾਤ ਵੀ ਕੀਤੀ ਜਾਵੇਗੀ। ਇਸੇ ਵਿਚਾਲੇ ਰੂਸ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਰੂਸ ਨੇ ਤੀਜੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਯੂਕਰੇਨ ਦੇ ਚਾਰ ਇਲਾਕਿਆਂ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਜਿਸ ਨਾਲ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ। ਰੂਸ ਵੱਲੋਂ ਯੂਕਰੇਨ ਦੇ ਜਿਨ੍ਹਾਂ ਚਾਰ ਇਲਾਕਿਆਂ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ ਉਨ੍ਹਾਂ ਵਿੱਚ ਯੂਕਰੇਨ ਦੀ ਰਾਜਧਾਨੀ ਕੀਵ, ਖਾਰਕਿਵ, ਮਾਰਿਓਪੋਲ ਤੇ ਸੁਮੀ ਸ਼ਾਮਿਲ ਹਨ। ਰੂਸ ਵੱਲੋਂ ਇਹ ਸਮਾਂ ਉੱਥੇ ਫਸੇ ਲੋਕਾਂ ਨੂੰ ਕੱਢਣ ਲਈ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਇਹ ਸੀਜ਼ਫਾਇਰ 12.30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਯੁੱਧ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਮਨੁੱਖੀ ਕਾਰੀਡੋਰ ਬਣਾਇਆ ਜਾਵੇਗਾ। ਇਹ ਦੂਜੀ ਵਾਰ ਹੈ ਜਦੋਂ ਰੂਸ ਵੱਲੋਂ ਯੂਕਰੇਨ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੋ ਸ਼ਹਿਰਾਂ ਵਿੱਚ ਰੂਸ ਵੱਲੋਂ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਰੂਸ ਨੇ ਇਸ ਨੂੰ ਕੁਝ ਘੰਟਿਆਂ ਵਿੱਚ ਹੀ ਖਤਮ ਕਰ ਕੇ ਬੰਬਾਰੀ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਯੂਕਰੇਨ-ਰੂਸ ਜੰਗ : ਹਰਜੋਤ ਦੀ ਅੱਜ ਹੋਵੇਗੀ ਵਤਨ ਵਾਪਸੀ, ਕੀਵ ‘ਚ ਲੱਗੀ ਸੀ ਗੋਲੀ
ਜ਼ਿਕਰਯੋਗ ਹੈ ਕਿ ਯੂਕਰੇਨ ਦੇ ਸੁਮੀ ਵਿੱਚ ਹਾਲੇ ਵੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਵਿੱਚ ਹੁਣ ਆਸਾਨੀ ਹੋਵੇਗੀ। ਰੂਸ ਦਾ ਇਹ ਅਹਿਮ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕਰਨ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਗੱਲਬਾਤ ਦਾ ਮੁੱਖ ਮੁੱਦਾ ਯੂਕਰੇਨ ਵਿੱਚ ਫਸੇ ਭਾਰਤੀ ਲੋਕਾਂ ਨੂੰ ਸੁਰੱਖਿਅਤ ਕੱਢਣਾ ਹੈ।
ਗੌਰਤਲਬ ਹੈ ਕਿ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਕੱਢਣ ਲਈ ਮੋਦੀ ਸਰਕਾਰ ਵੱਲੋਂ ਆਪ੍ਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ। ਐਤਵਾਰ ਨੂੰ ਮਿਲੇ ਅੰਕੜਿਆਂ ਅਨੁਸਾਰ ਹੁਣ ਤੱਕ ਆਪ੍ਰੇਸ਼ਨ ਗੰਗਾ ਦੇ ਤਹਿਤ 76 ਉਡਾਣਾਂ ਭੇਜੀਆਂ ਗਈਆਂ ਹਨ, ਜਿਨ੍ਹਾਂ ਵਿੱਚ 15,920 ਭਾਰਤੀਆਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: