Russia Coronavirus Vaccine: ਕੋਰੋਨਾ ਦੀ ਸਭ ਤੋਂ ਪਹਿਲਾਂ ਵੈਕਸੀਨ ਬਣਾਉਣ ਦਾ ਦਾਵਾ ਕਰਨ ਵਾਲੇ ਰੂਸ ਨੇ ਆਪਣੀ ਵੈਕਸੀਨ ਦੀ ਪਹਿਲੀ ਖੇਪ ਦਾ ਉਤਪਾਦਨ ਪੂਰਾ ਕਰ ਲਿਆ ਹੈ । ਦੱਸ ਦੇਈਏ ਕਿ ਮੰਗਲਵਾਰ ਨੂੰ ਰੂਸ ਨੇ ਕੋਰੋਨਾ ਵੈਕਸੀਨ ਦੀ ਸਾਰੀ ਜਾਂਚ ਪੂਰੀ ਕਰਨ ਦਾ ਦਾਅਵਾ ਕੀਤਾ ਸੀ।
ਦਰਅਸਲ, ਪੁਤਿਨ ਦੇ ਐਲਾਨ ਤੋਂ ਚਾਰ ਦਿਨ ਬਾਅਦ ਹੀ ਰੂਸ ਨੇ ਇਸ ਵੈਕਸੀਨ ਦੀ ਪਹਿਲੀ ਖੇਪ ਤਿਆਰ ਕਰ ਲਈ ਹੈ। ਹਾਲਾਂਕਿ, ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ ਰੂਸ ਦੀ Sputnik V ਵੈਕਸੀਨ ‘ਤੇ ਭਰੋਸਾ ਨਹੀਂ ਕਰ ਰਹੇ ਹਨ ਅਤੇ ਸਵਾਲ ਖੜ੍ਹੇ ਕਰ ਰਹੇ ਹਨ। ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ(WHO) ਨੇ ਅਜੇ ਤੱਕ ਰੂਸ ਦੀ ਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਇਸ ਮਾਮਲੇ ਵਿੱਚ WHO ਦਾ ਕਹਿਣਾ ਹੈ ਕਿ ਰੂਸੀ ਵੈਕਸੀਨ ਨੂੰ ਅਜੇ ਵੀ ਸਖਤ ਸੁਰੱਖਿਆ ਜਾਂਚ ਕਰਵਾਉਣ ਦੀ ਜ਼ਰੂਰਤ ਹੈ। ਉੱਥੇ ਹੀ ਦੂਜੇ ਪਾਸੇ ਰੂਸ ਦਾ ਕਹਿਣਾ ਹੈ ਕਿ ਗਮਾਲੇਆ ਰਿਸਰਚ ਇੰਸਟੀਚਿਊਟ ਵੱਲੋਂ ਤਿਆਰ ਵੈਕਸੀਨ ਦੀ ਪਹਿਲੀ ਖੇਪ ਦਾ ਉਤਪਾਦਨ ਪੂਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਰੂਸ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਕਿ ਵੈਕਸੀਨ ਦੇ ਵਪਾਰਕ ਉਦੇਸ਼ਾਂ ਲਈ ਉਤਪਾਦਨ ਸਤੰਬਰ ਤੋਂ ਸ਼ੁਰੂ ਹੋਵੇਗਾ।
ਦੱਸ ਦੇਈਏ ਕਿ ਦਸੰਬਰ ਜਾਂ ਜਨਵਰੀ ਤੋਂ ਰੂਸ ਹਰ ਮਹੀਨੇ 50 ਲੱਖ ਵੈਕਸੀਨ ਦੀ ਖੁਰਾਕ ਦਾ ਉਤਪਾਦਨ ਕਰ ਸਕਦਾ ਹੈ। ਰੂਸੀ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਸੀ ਕਿ ਦੇਸ਼ ਵਿੱਚ ਬਣਾਈ ਗਈ ਵੈਕਸੀਨ ਨੂੰ ਪਹਿਲਾਂ ਸਿਹਤ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਸਵੈਇੱਛੁਕ ਲੋਕਾਂ ਨੂੰ ਇਸ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਰੂਸ ਨੇ ਇਹ ਵੀ ਦੱਸਿਆ ਕਿ ਭਾਰਤ ਸਣੇ 20 ਦੇਸ਼ਾਂ ਨੇ ਰੂਸ ਤੋਂ ਵੈਕਸੀਨ ਖਰੀਦਣ ਦੀ ਇੱਛਾ ਜਤਾਈ । ਗੌਰਤਲਬ ਹੈ ਕਿ ਦੁਨੀਆ ਵਿੱਚ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ।