ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਅੱਜ 11ਵਾਂ ਦਿਨ ਹੈ । ਇਸ ਜੰਗ ਵਿੱਚ ਦੋਵੇਂ ਦੇਸ਼ ਇੱਕ ਦੂਜੇ ਦੇ ਹਜ਼ਾਰਾਂ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਕਰ ਰਹੇ ਹਨ। ਹਾਲਾਂਕਿ ਮਾਰੇ ਗਏ ਸੈਨਿਕਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣਾ ਇੰਨਾ ਆਸਾਨ ਨਹੀਂ ਹੋਵੇਗਾ। ਇਸੇ ਵਿਚਾਲੇ ਰੂਸ ਦੇ ਰਾਸ਼ਟਰਪਤੀ ਵੱਲੋਂ ਯੁੱਧ ਵਿੱਚ ਮਾਰੇ ਗਏ ਸੈਨਿਕਾਂ ਜਾਂ ਜ਼ਖਮੀ ਫੌਜੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ ।
ਪੁਤਿਨ ਦੇ ਐਲਾਨ ਤਹਿਤ ਯੂਕਰੇਨ ਤੋਂ ਇਲਾਵਾ ਸੀਰੀਆ ਦੀ ਜੰਗ ਵਿੱਚ ਸ਼ਾਮਿਲ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਜਾਂ ਸੀਰੀਆ ਵਿੱਚ ਜਾਨਾਂ ਗੁਆਉਣ ਵਾਲੇ ਫੌਜੀਆਂ ਦੇ ਪਰਿਵਾਰ ਨੂੰ 5 ਮਿਲੀਅਨ ਰੂਬਲ (40 ਲੱਖ ਰੁਪਏ) ਅਤੇ ਜ਼ਖਮੀ ਫੌਜੀਆਂ ਨੂੰ 30 ਲੱਖ ਰੂਬਲ (24 ਲੱਖ ਰੁਪਏ) ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ
ਇੱਕ ਰਿਪੋਰਟ ਮੁਤਾਬਕ ਰੂਸ ਦੇ ਰੱਖਿਆ ਮੰਤਰਾਲੇ ਨੇ ਜਾਨੀ ਨੁਕਸਾਨ ਦੀ ਪਹਿਲੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਵਿੱਚ 498 ਰੂਸੀ ਫੌਜੀ ਮਾਰੇ ਗਏ ਹਨ ਅਤੇ 1,597 ਤੋਂ ਵੱਧ ਫੌਜੀ ਜ਼ਖਮੀ ਹੋਏ ਹਨ। ਕੁਝ ਦਿਨ ਪਹਿਲਾਂ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਇਹ ਰਿਪੋਰਟ ਜਾਰੀ ਕਰਦੇ ਹੋਏ ਭਰੋਸਾ ਦਿੱਤਾ ਸੀ ਕਿ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਸਦੇ ਹਮਲੇ ਵਿੱਚ 2,870 ਤੋਂ ਵੱਧ ਯੂਕਰੇਨੀ ਸੈਨਿਕ ਮਾਰੇ ਗਏ ਹਨ ਅਤੇ ਲਗਭਗ 3,700 ਹੋਰ ਜ਼ਖਮੀ ਹੋ ਗਏ ਹਨ । ਇਸ ਦੇ ਨਾਲ ਹੀ ਮੀਡੀਆ ਵਿੱਚ ਖਬਰਾਂ ਆਈਆਂ ਸਨ ਕਿ ਯੂਕਰੇਨ ਦੀ ਫੌਜ ਦੇ ਦਾਅਵੇ ਮੁਤਾਬਕ ਘੱਟੋ-ਘੱਟ 4500 ਰੂਸੀ ਫੌਜੀ ਮਾਰੇ ਗਏ ਹਨ।
ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸੀ ਹਮਲਾ ਸ਼ੁਰੂ ਹੋਣ ਤੋਂ ਬਾਅਦ ਆਪਣੇ ਸੈਨਿਕਾਂ ਨੂੰ ਹਰ ਮਹੀਨੇ 100,000 ਰਿਵਨੀਆ (ਯੂਕਰੇਨੀ ਮੁਦਰਾ) ਦੇਣ ਦਾ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਯੂਕਰੇਨ ਦੀ ਫੌਜ ਨੂੰ ਮਜ਼ਬੂਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ ਅਤੇ ਸੈਨਿਕਾਂ ਦਾ ਮਨੋਬਲ ਵੀ ਵਧਾਏਗਾ। ਗੌਰਤਲਬ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਕਈ ਮਹੀਨਿਆਂ ਤੱਕ ਉਹ ਇਸ ਦੇਸ਼ ਨੂੰ ਚਾਰੇ ਪਾਸਿਓਂ ਘੇਰਨ ਦਾ ਕੰਮ ਕਰ ਚੁੱਕਾ ਸੀ । UNHRC ਦੇ ਅਨੁਸਾਰ ਰੂਸ ਦੇ ਹਮਲੇ ਕਾਰਨ ਹੁਣ ਤੱਕ 1,368,864 ਯੂਕਰੇਨੀਅਨ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: