Russia releases first batch: ਇੱਕ ਪਾਸੇ ਜਿੱਥੇ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਟ੍ਸ ਨੇ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਦੂਜੇ ਪਾਸੇ ਰੂਸ ਨੇ ਆਪਣੇ ਨਾਗਰਿਕਾਂ ਲਈ ਕੋਵਿਡ -19 ਵੈਕਸੀਨ ਸਪੂਤਨਿਕ ਵੀ ਦਾ ਪਹਿਲਾ ਬੈਚ ਜਾਰੀ ਕਰ ਦਿੱਤਾ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇੜੇ ਭਵਿੱਖ ਵਿੱਚ ਖੇਤਰੀ ਡਿਲੀਵਰੀ ਦੀ ਯੋਜਨਾ ਬਣਾਈ ਗਈ ਹੈ। ਇਸ ਵੈਕਸੀਨ ਨੂੰ ਗਾਮਲੇਆ ਨੈਸ਼ਨਲ ਰਿਸਰਚ ਸੈਂਟਰ ਆਫ ਐਪੀਡਿਮੋਲੋਜੀ ਐਂਡ ਮਾਈਕਰੋਬਾਇਓਲੋਜੀ ਅਤੇ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਵੱਲੋਂ ਵਿਕਸਤ ਕੀਤਾ ਗਿਆ ਹੈ।
ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਮੈਡੀਕਲ ਰੈਗੂਲੇਟਰ ਨੂੰ ਰੋਜ਼ਵ੍ਰਨਾਦਜ਼ੋਰ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਕੁਆਲਟੀ ਦੇ ਟੈਸਟ ਪਾਸ ਕਰਨ ਤੋਂ ਬਾਅਦ ਸਿਵਲ ਸਰਕੂਲੇਸ਼ਨ ਲਈ ਜਾਰੀ ਕੀਤਾ ਗਿਆ ਹੈ।” 11 ਅਗਸਤ ਨੂੰ ਰੂਸ ਦੇ ਸਿਹਤ ਮੰਤਰਾਲੇ ਨੇ ਕੋਵਿਡ-19 ਦੀ ਸਪੂਤਨਿਕ ਵੀ ਨੂੰ ਰਜਿਸਟਰ ਕੀਤਾ ਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖ਼ੁਦ ਇਸਦੀ ਘੋਸ਼ਣਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਵੀ ਇਹ ਵੈਕਸੀਨ ਲਗਾਈ ਗਈ ਹੈ।
ਇਸ ਸਬੰਧੀ ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਐਤਵਾਰ ਨੂੰ ਉਮੀਦ ਜਤਾਈ ਕਿ ਰੂਸ ਦੀ ਰਾਜਧਾਨੀ ਦੇ ਬਹੁਤੇ ਵਸਨੀਕਾਂ ਨੂੰ ਕਈ ਮਹੀਨਿਆਂ ਦੇ ਅੰਦਰ ਕੋਰੋਨਾ ਵਾਇਰਸ ਦੇ ਵਿਰੁੱਧ ਟੀਕਾਕਰਣ ਕਰ ਦਿੱਤਾ ਜਾਵੇਗਾ । ਸਿਹਤ ਮੰਤਰਾਲੇ ਦੇ ਅਨੁਸਾਰ ਜਲਦੀ ਹੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਵੈਕਸੀਨ ਦੇ ਪਹਿਲੇ ਬੈਚ ਦੀ ਸਪਲਾਈ ਕਰਨ ਦੀ ਯੋਜਨਾ ਹੈ।
ਦੱਸ ਦੇਈਏ ਕਿ ਸੋਮਵਾਰ ਨੂੰ ਵਿਸ਼ਵਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਦੀ ਲਾਗ ਨਾਲ ਦੁਨੀਆ ਭਰ ਵਿੱਚ ਮੌਤਾਂ ਦੀ ਗਿਣਤੀ 890000 ਨੂੰ ਪਾਰ ਕਰ ਗਈ। ਅਮਰੀਕਾ ਦੀ ਜਾਨ ਹੌਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਕੁੱਲ ਸੰਖਿਆ 89,0064 ਹੋ ਗਈ ਹੈ, ਜਦੋਂ ਕਿ ਮਹਾਂਮਾਰੀ ਨਾਲ ਪੀੜਤਾਂ ਦੀ ਗਿਣਤੀ ਵਧ ਕੇ 2,72,17,700 ਹੋ ਗਈ ਹੈ।