ਯੂਕਰੇਨ ਅਤੇ ਰੂਸ ਵਿਚਾਲੇ 53ਵੇਂ ਦਿਨ ਵੀ ਭਿਆਨਕ ਜੰਗ ਜਾਰੀ ਹੈ। ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਕਈ ਸ਼ਹਿਰਾਂ ਵਿੱਚ ਸਥਿਤੀ ਬਹੁਤ ਖਰਾਬ ਹੈ। ਉੱਥੇ ਹੀ ਰੂਸੀ ਹਮਲਿਆਂ ਵਿੱਚ ਮਾਰੀਉਪੋਲ ਲਹੂ-ਲੁਹਾਨ ਹੋ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਮਾਰੀਉਪੋਲ ਦੀ ਸਥਿਤੀ “ਅਮਨੁੱਖੀ” ਸੀ। ਜ਼ੇਲੇਂਸਕੀ ਨੇ ਇੱਕ ਵਾਰ ਫਿਰ ਆਪਣੇ ਸਹਿਯੋਗੀਆਂ ਦੇਸ਼ਾਂ ਨੂੰ ਰੂਸੀ ਫੌਜਾਂ ਤੋਂ ਸ਼ਹਿਰ ਦੀ ਰੱਖਿਆ ਲਈ ਭਾਰੀ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ । ਉਨ੍ਹਾਂ ਨੇ ਹੋਰ ਦੇਸ਼ਾਂ ਦੇ ਨੇਤਾਵਾਂ ਨੂੰ ਜਿੰਨੀ ਜਲਦੀ ਹੋ ਸਕੇ ਹਥਿਆਰ ਉਪਲਬਧ ਕਰਵਾਉਣ ਜਾਂ ਸ਼ਾਂਤੀ ਦੀ ਦਿਸ਼ਾ ਵਿੱਚ ਰੂਸ ਨੂੰ ਅੱਗੇ ਦੀ ਗੱਲਬਾਤ ਦੇ ਲਈ ਮਜ਼ਬੂਰ ਕਰਨ ਦੇ ਲਈ ਦਖਲ ਦੇਣ ਦੀ ਅਪੀਲ ਕੀਤੀ।
ਰੂਸੀ ਫੌਜੀਆਂ ਨੇ ਹਮਲੇ ਦੇ ਸ਼ੁਰੂਆਤੀ ਦਿਨਾਂ ਤੋਂ ਮਾਰੀਉਪੋਲ ਵਿੱਚ ਨਾਕਾਬੰਦੀ ਕੀਤੀ ਹੋਈ ਹੈ । ਰਾਸ਼ਟਰਪਤੀ ਜ਼ੇਲੇਂਸਕੀ ਨੇ ਸਹਿਯੋਗੀ ਦੇਸ਼ਾਂ ਨੂੰ ਰੂਸੀ ਫੌਜਾਂ ਦਾ ਮੁਕਾਬਲਾ ਕਰਨ ਲਈ ਤੁਰੰਤ ਭਾਰੀ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਸ਼ਹਿਰ ‘ਤੇ ਕੰਟਰੋਲ ਨੂੰ ਲੈ ਕੇ ਲੜਾਈ ਵਿੱਚ ਫਸੇ ਨਾਗਰਿਕ ਭੁੱਖ-ਪਿਆਸ ਨਾਲ ਤੜਪ ਰਹੇ ਹਨ। ਨਾਗਰਿਕਾਂ ਨੂੰ ਇਸ ਜੰਗ ਦੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ । ਜ਼ੇਲੇਂਸਕੀ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਗੋਲਾਬਾਰੀ ਨਾਲ ਤਬਾਹ ਹੋਏ ਖੇਤਰਾਂ ਵਿੱਚ ਰਿਹਾਇਸ਼ਾਂ ਦੇ ਮੁੜ ਨਿਰਮਾਣ ਲਈ ਇੱਕ ਵੱਡੇ ਪੈਮਾਨੇ ਦਾ ਪ੍ਰੋਜੈਕਟ ਚੱਲ ਰਿਹਾ ਹੈ । ਇਹ ਘੋਸ਼ਣਾ ਉਦੋਂ ਹੋਈ ਜਦੋਂ ਰੂਸੀ ਫੌਜ ਨੇ ਸ਼ਨੀਵਾਰ ਨੂੰ ਯੂਕਰੇਨੀਆਂ ਅਤੇ ਉਨ੍ਹਾਂ ਦੇ ਪੱਛਮੀ ਸਮਰਥਕਾਂ ਨੂੰ ਜਵਾਬ ਦਿੰਦੇ ਹੋਏ ਕੀਵ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਹਮਲੇ ਤੇਜ਼ ਕਰ ਦਿੱਤੇ।
ਇਹ ਵੀ ਪੜ੍ਹੋ: ਰੂਸ ਨੇ ਬ੍ਰਿਟਿਸ਼ PM ਦੀ ਐਂਟਰੀ ਕੀਤੀ ਬੈਨ, ਪਾਬੰਦੀਆਂ ‘ਤੇ ਪੁਤਿਨ ਦੀ ਜਵਾਬੀ ਕਾਰਵਾਈ
ਉੱਥੇ ਹੀ ਦੂਜੇ ਪਾਸੇ ਰੂਸ ਨੇ ਮਾਰੀਓਪੋਲ ਵਿੱਚ ਲੜ ਰਹੇ ਯੂਕਰੇਨ ਦੇ ਜਵਾਨਾਂ ਨੂੰ ਹਥਿਆਰਾਂ ਸੁੱਟਣ ਲਈ ਅੱਜ ਤੱਕ ਦਾ ਸਮਾਂ ਦਿੱਤਾ ਹੈ। ਰੂਸ ਵੱਲੋਂ ਜਾਰੀ ਕੀਤੇ ਗਏ ਅਲਟੀਮੇਟਮ ਵਿੱਚ ਕਿਹਾ ਗਿਆ ਹੈ ਕਿ ਜੇਕਰ ਯੂਕਰੇਨ ਦੇ ਜਵਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਹ ਆਪਣੇ ਹਥਿਆਰ ਸੁੱਟ ਦੇਣ । ਰੂਸ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਸ ਦੇ ਸੈਨਿਕਾਂ ਨੇ ਮਾਰੀਓਪੋਲ ਦੇ ਅੱਧੇ ਤੋਂ ਵੱਧ ਹਿੱਸੇ ‘ਤੇ ਕਬਜ਼ਾ ਕਰ ਲਿਆ ਹੈ । ਪਰ ਹੁਣ ਵੀ ਯੂਕਰੇਨੀ ਫੌਜ ਦੇ ਕੁਝ ਜਵਾਨ ਉੱਥੇ ਬਚੇ ਹਨ ਜੋ ਹਾਲੇ ਵੀ ਲੜਾਈ ਲੜ ਰਹੇ ਹਨ । ਰੂਸ ਨੇ ਸਾਫ਼ ਕਿਹਾ ਹੈ ਕਿ ਜੇਕਰ ਯੂਕਰੇਨ ਦੇ ਫੌਜੀ ਹਥਿਆਰ ਸੁੱਟ ਦਿੰਦੇ ਹਨ ਤਾਂ ਉਨ੍ਹਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ ।
ਦੱਸ ਦੇਈਏ ਕਿ ਰੂਸੀ ਸੈਨਿਕਾਂ ਦੇ ਕੀਵ ਛੱਡਣ ਤੋਂ ਲਗਭਗ 10 ਦਿਨ ਬਾਅਦ, ਯੂਕਰੇਨ ਦੀ ਰਾਜਧਾਨੀ ਫਿਰ ਤੋਂ ਹਮਲਿਆਂ ਨਾਲ ਦਹਿਲ ਗਈ । ਮੀਡੀਆ ਰਿਪੋਰਟਾਂ ਮੁਤਾਬਕ ਕੀਵ ਦੇ ਪੂਰਬੀ ਇਲਾਕੇ ਡਾਰਨਿਤਸਕੀ ਵਿੱਚ ਰੂਸੀ ਫੌਜ ਵੱਲੋਂ ਕਈ ਧਮਾਕੇ ਕੀਤੇ ਗਏ ਹਨ । ਰੂਸੀ ਫੌਜਾਂ ਨੇ ਰਾਜਧਾਨੀ ਕੀਵ ਸਮੇਤ ਘੱਟੋ-ਘੱਟ ਅੱਠ ਸ਼ਹਿਰਾਂ ‘ਤੇ ਹਵਾਈ ਹਮਲੇ ਕੀਤੇ। ਯੂਕਰੇਨ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ ਕਾਰਨ ਕਈ ਬੇਕਸੂਰ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸੈਂਕੜੇ ਲੋਕ ਜ਼ਖਮੀ ਹੋਏ ਹਨ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”