Russia Sputnik V corona vaccine: ਕੋਰੋਨਾ ਵਾਇਰਸ ਕਾਰਨ ਹੁਣ ਤੱਕ ਵਿਸ਼ਵ ਭਰ ਵਿੱਚ ਲੱਖਾਂ ਮੌਤਾਂ ਹੋ ਚੁੱਕੀਆਂ ਹਨ। ਪੂਰੀ ਦੁਨੀਆ ਇਸਦੀ ਲਪੇਟ ਵਿੱਚ ਹੈ। ਇਸ ਸੰਕਟ ਦੇ ਵਿਚਕਾਰ ਰੂਸ ਤੋਂ ਰਾਹਤ ਦੀ ਖ਼ਬਰ ਮਿਲੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਰੂਸ ਨੇ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਸਪੂਤਨਿਕ V ਬਣਾ ਲਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਦੁਨੀਆ ਦੀ ਪਹਿਲੀ ਸਫਲ ਕੋਰੋਨਾ ਵੈਕਸੀਨ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੂਸੀ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਵੈਕਸੀਨ ਵਿੱਚ ਦੋ ਵੱਖ-ਵੱਖ ਟੀਕੇ ਲਗਾਉਣ ਵਾਲੇ ਭਾਗ ਹਨ, ਇਸ ਲਈ ਦੋਵਾਂ ਦਾ ਟੀਕਾ ਅਲੱਗ-ਅਲੱਗ ਸਮੇਂ ‘ਤੇ ਲਗਾਇਆ ਜਾਵੇਗਾ। ਇਹ ਵਾਇਰਸ ਦੇ ਵਿਰੁੱਧ ਛੋਟ ਵਧਾਏਗਾ।
ਰਾਸ਼ਟਰਪਤੀ ਪੁਤਿਨ ਅਨੁਸਾਰ ਕੋਰੋਨਾ ਵੈਕਸੀਨ ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ । ਉਸ ਤੋਂ ਬਾਅਦ ਇਹ ਸੀਨੀਅਰ ਸਿਟੀਜ਼ਨ, ਬੱਚਿਆਂ ਅਤੇ ਬਾਲਗਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੈਕਸੀਨ ਟ੍ਰਾਇਲ ਵਿੱਚ 100 ਪ੍ਰਤੀਸ਼ਤ ਪ੍ਰਭਾਵਸ਼ਾਲੀ ਸਾਬਿਤ ਹੋਈ ਹੈ। ਕੋਰਸ ਤੋਂ ਪਹਿਲਾਂ ਸਾਰਸ ਅਤੇ ਮਾਰਸ ਰੋਗਾਂ ਬਾਰੇ ਖੋਜ ਜਾਰੀ ਸੀ। ਕੋਰੋਨਾ ਅਤੇ ਸਾਰਸ ਇਕੋ ਪਰਿਵਾਰ ਦੇ ਹੋਣ ਕਰਕੇ ਪਹਿਲਾਂ ਕੀਤੀ ਗਈ ਖੋਜ ਕੋਰੋਨਾ ਵੈਕਸੀਨ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਈ ਹੈ। ਜਨਵਰੀ ਵਿੱਚ ਹੀ ਚੀਨ ਨੇ ਕੋਰੋਨਾ ਦਾ ਜੈਨੇਟਿਕ ਕ੍ਰਮ ਸਾਂਝਾ ਕੀਤਾ ਸੀ।
ਉੱਥੇ ਹੀ ਦੂਜੇ ਪਾਸੇ ਅਮਰੀਕਾ, ਬ੍ਰਿਟੇਨ ਸਮੇਤ ਬਹੁਤ ਸਾਰੇ ਦੇਸ਼ ਅਜੇ ਵੀ ਰੂਸ ਦੀ ਕੋਰੋਨਾ ਵੈਕਸੀਨ ‘ਤੇ ਭਰੋਸਾ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੂਸ ਨੇ ਜਲਦਬਾਜ਼ੀ ਵਿੱਚ ਕੋਰੋਨਾ ਵੈਕਸੀਨ ਕੱਢੀ ਹੈ। ਇਸ ਮਾਮਲੇ ਵਿੱਚ WHO ਦਾ ਕਹਿਣਾ ਹੈ ਕਿ ਲੋੜੀਂਦੇ ਅੰਕੜਿਆਂ ਤੋਂ ਬਿਨ੍ਹਾਂ ਵੈਕਸੀਨ ਦੀ ਸਪਲਾਈ ਕਰਨਾ ਸਹੀ ਨਹੀਂ ਹੈ। ਬ੍ਰਿਟੇਨ ਨੇ ਕਿਹਾ ਹੈ ਕਿ ਢੁੱਕਵੇਂ ਟ੍ਰਾਇਲ ਤੋਂ ਬਿਨ੍ਹਾਂ ਉਹ ਆਪਣੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਨਹੀਂ ਦੇਵੇਗਾ। ਇਸ ਤੋਂ ਇਲਾਵਾ ਬਾਕੀ ਦੇਸ਼ ਰੂਸ ਦੀ ਵੈਕਸੀਨ ਦੇ ਪ੍ਰਭਾਵ ਨੂੰ ਦੇਖਣ ਤੋਂ ਬਾਅਦ ਹੀ ਵੈਕਸੀਨ ਲੈਣ ਬਾਰੇ ਫੈਸਲਾ ਲੈਣਗੇ। ਇਸ ਵੇਲੇ ਕੋਰੋਨਾ ਵੈਕਸੀਨ ਦੀਆਂ ਸੀਮਤ ਖੁਰਾਕਾਂ ਬਣੀਆਂ ਹਨ। ਇਸਦਾ ਉਤਪਾਦਨ ਸਤੰਬਰ ਵਿੱਚ ਸ਼ੁਰੂ ਹੋਵੇਗਾ। ਟੀਕਾਕਰਣ ਅਕਤੂਬਰ ਤੋਂ ਕੀਤਾ ਜਾਵੇਗਾ।