Sandstorm in China: ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸੋਮਵਾਰ ਸਵੇਰੇ ਭਿਆਨਕ ਰੇਤੀਲਾ ਤੂਫਾਨ ਆਇਆ ਹੈ । ਜਿਸ ਕਾਰਨ ਬੀਜਿੰਗ ਪੂਰੀ ਤਰ੍ਹਾਂ ਧੂੜ ਨਾਲ ਭਰ ਗਿਆ ਹੈ । ਇਸ ਰੇਤੀਲੇ ਤੂਫ਼ਾਨ ਦੇ ਮੱਦੇਨਜ਼ਰ ਮੰਗੋਲੀਆ ਤੇ ਉੱਤਰ-ਪੱਛਮੀ ਚੀਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਰੇਤੀਲੇ ਤੂਫ਼ਾਨ ਕਾਰਨ ਬੀਜਿੰਗ ਵਿੱਚ 400 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਬੀਜਿੰਗ ਵਿੱਚ ਸਾਲ ਦਾ ਸਭ ਤੋਂ ਭੈੜਾ ਤੂਫਾਨ ਦੇਖਣ ਨੂੰ ਮਿਲਿਆ ਹੈ। ਚੀਨ ਦੀ ਮੌਸਮ ਵਿਗਿਆਨ ਏਜੰਸੀ ਨੇ ਇਸ ਨੂੰ ਇਸ ਦਹਾਕੇ ਵਿੱਚ ਸਭ ਤੋਂ ਵੱਡਾ ਰੇਤ ਦਾ ਤੂਫਾਨ ਕਿਹਾ ਹੈ। ਜਿਸ ਕਾਰਨ ਇਥੇ ਸਥਿਤੀ ਭਿਆਨਕ ਦਿਖਾਈ ਦੇ ਰਹੀ ਹੈ।
ਰੇਤੀਲੇ ਤੂਫ਼ਾਨ ਦੇ ਮੱਦੇਨਜ਼ਰ ਚੀਨ ਦੇ ਮੌਸਮ ਵਿਗਿਆਨ ਪ੍ਰਸ਼ਾਸਨ ਵੱਲੋਂ ਸੋਮਵਾਰ ਸਵੇਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਅਲਰਟ ਦਾ ਐਲਾਨ ਕਰਦਿਆਂ ਕਿਹਾ ਕਿ ਰੇਤੀਲਾ ਤੂਫਾਨ ਅੰਦਰੂਨੀ ਮੰਗੋਲੀਆ ਤੋਂ ਗਾਨਸੂ, ਸ਼ਾਂਕਸੀ ਅਤੇ ਹੇਬੇਈ ਪ੍ਰਾਂਤਾਂ ਵਿੱਚ ਫੈਲ ਗਿਆ ਹੈ, ਜਿਸ ਨੇ ਬੀਜਿੰਗ ਨੂੰ ਘੇਰ ਲਿਆ ਹੈ। ਚੀਨ ਦੀ ਸਮਾਚਾਰ ਏਜੰਸੀ ਅਨੁਸਾਰ ਮੰਗੋਲੀਆ ਵੀ ਭਾਰੀ ਰੇਤ ਦੀ ਚਪੇਟ ਵਿੱਚ ਆ ਗਿਆ ਹੈ. ਜਿਸ ਕਾਰਨ ਘੱਟੋ-ਘੱਟ 341 ਲੋਕ ਲਾਪਤਾ ਹੋ ਗਏ ਹਨ ।
ਬੀਜਿੰਗ ਦਾ ਇੰਡੈਕਸ ਸੋਮਵਾਰ ਸਵੇਰੇ ਉੱਚਤਮ ਪੱਧਰ ਮਤਲਬ 500 ਤੱਕ ਪਹੁੰਚ ਗਿਆ ਹੈ। ਪੀਐੱਮ 10 ਦਾ ਪੱਧਰ ਕਈ ਜ਼ਿਲ੍ਹਿਆਂ ਵਿਚ ਬਹੁਤ ਖਤਰਨਾਕ ਢੰਗ ਨਾਲ ਵੱਧ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਰੋਜ਼ਾਨਾ ਪੀਐੱਮ 10 ਦਾ ਪੱਧਰ 50 ਮਾਇਕ੍ਰੋਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ । ਅਸਲ ਵਿਚ ਪੀਐੱਮ 2.5, ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਣਾਂ ਦਾ ਪੱਧਰ ਵੀ 300 ਮਾਇਕ੍ਰੋਗ੍ਰਾਮ ਦੇ ਉੱਪਰ ਪਹੁੰਚ ਗਿਆ ਹੈ । ਚੀਨ ਵਿੱਚ ਇਹ ਮਿਆਰ 34 ਮਾਈਕ੍ਰੋਗ੍ਰਾਮ ਹੈ ।
ਦੱਸ ਦੇਈਏ ਕਿ ਬੀਜਿੰਗ ਮਾਰਚ ਅਤੇ ਅਪ੍ਰੈਲ ਵਿੱਚ ਰੇਤ ਦੇ ਤੂਫਾਨਾਂ ਦਾ ਸਾਹਮਣਾ ਕਰਦਾ ਹੈ ਜੋ ਵੱਡੇ ਪੱਧਰ ‘ਤੇ ਗੋਬੀ ਮਾਰੂਥਲ ਵਿੱਚ ਅਤੇ ਪੂਰੇ ਉੱਤਰੀ ਚੀਨ ਵਿੱਚ ਜੰਗਲਾਂ ਦੀ ਕਟਾਈ ਅਤੇ ਮਿੱਟੀ ਦੇ ਕਟਾਅ ਕਾਰਨ ਹੁੰਦੇ ਹਨ। ਚੀਨ ਇਸਨੂੰ ਸੀਮਿਤ ਕਰਨ ਲਈ ਖੇਤਰ ਦੇ ਵਾਤਾਵਰਣ ਨੂੰ ਮੁੜ ਸੁਰਜੀਤ ਕਰਨ ਅਤੇ ਇਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਕਾਰਨ ਹਰ ਸਾਲ ਚੀਨ ਵਿੱਚ ਅਜਿਹੇ ਤੂਫਾਨ ਆਉਂਦੇ ਹਨ।