Saudi Arabia decided to allow: ਰਿਆਦ: ਦੁਨੀਆ ਭਰ ਦੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਾਊਦੀ ਅਰਬ ਨੇ ਹੱਜ ਯਾਤਰਾ 2020 ਲਈ ਵਿਦੇਸ਼ੀਆਂ ਨੂੰ ਆਗਿਆ ਨਾ ਦੇਣ ਦਾ ਐਲਾਨ ਕੀਤਾ ਹੈ। ਸਾਊਦੀ ਨੇ ਘੋਸ਼ਣਾ ਕੀਤੀ ਹੈ ਕਿ ਹੱਜ ਲਈ ਸਿਰਫ ਸਥਾਨਕ ਲੋਕਾਂ ਅਤੇ ਦੇਸ਼ ਵਿੱਚ ਰਹਿ ਰਹੇ ਵਿਦੇਸ਼ੀ ਲੋਕਾਂ ਨੂੰ ਹੀ ਕੁਝ ਸ਼ਰਤਾਂ ਨਾਲ ਹੱਜ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਸ ਘੋਸ਼ਣਾ ਅਨੁਸਾਰ ਅੰਤਰਰਾਸ਼ਟਰੀ ਹੱਜ ਯਾਤਰਾ ਇਸ ਸਾਲ ਲਈ ਰੱਦ ਕਰ ਦਿੱਤੀ ਗਈ ਹੈ।
ਸਾਊਦੀ ਅਰਬ ਨੇ ਕਿਹਾ ਕਿ ਹੱਜ ਨੂੰ ਇਸ ਸਾਲ ਰੱਦ ਨਹੀਂ ਕੀਤਾ ਜਾਵੇਗਾ, ਪਰ ਕੁਝ ਪਾਬੰਦੀਆਂ ਨਾਲ ਸਿਰਫ ਸੀਮਤ ਗਿਣਤੀ ਦੇ ਸਥਾਨਕ ਲੋਕਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਸਾਊਦੀ ਅਰਬ ਦੀ ਸਲਤਨਤ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵੱਖ-ਵੱਖ ਦੇਸ਼ਾਂ ਦੇ ਉਨ੍ਹਾਂ ਲੋਕਾਂ ਨੂੰ ਹੀ ਹੱਜ ਵਿੱਚ ਸ਼ਾਮਿਲ ਹੋਣ ਦੀ ਆਗਿਆ ਦੇਵੇਗਾ ਜੋ ਪਹਿਲਾਂ ਹੀ ਮੁਲਕ ਵਿੱਚ ਰਹਿ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਹੱਜ ਯਾਤਰਾ ਇਸ ਸਾਲ ਜੁਲਾਈ ਦੇ ਅਖੀਰ ਵਿੱਚ ਸ਼ੁਰੂ ਹੋਵੇਗੀ । ਅਧਿਕਾਰਤ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਲੋਕਾਂ ਵਿੱਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਸਾਰੇ ਸੁਰੱਖਿਆ ਉਪਾਅ ਵੀ ਅਪਣਾਏ ਜਾਣਗੇ।
ਜ਼ਿਕਰਯੋਗ ਹੈ ਕਿ ਆਮ ਦਿਨਾਂ ਵਿੱਚ ਦੁਨੀਆ ਭਰ ਦੇ 20 ਲੱਖ ਮੁਸਲਮਾਨ ਹੱਜ ਲਈ ਸਾਊਦੀ ਅਰਬ ਦੇ ਮੱਕਾ ਵਿਖੇ ਇਕੱਠੇ ਹੁੰਦੇ ਹਨ । ਮੱਕਾ ਵਿੱਚ ਇਸਲਾਮਿਕ ਮਾਮਲਿਆਂ ਦੇ ਮੰਤਰਾਲੇ ਦੀ ਸ਼ਾਖਾ ਨੇ ਸ਼ਹਿਰ ਦੀਆਂ ਲਗਭਗ 1,560 ਮਸਜਿਦਾਂ ਨੂੰ ਸਾਵਧਾਨੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਹਨ । ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਮਸਜਿਦ ਦੀ ਨਮਾਜ਼ ਅਦਾ ਕਰਨ ਲਈ ਆਪਣੀ ਚਟਾਈ ਲੈ ਕੇ ਆਉਣ ਅਤੇ ਨਮਾਜ਼ ਦੌਰਾਨ ਸਰੀਰਕ ਦੂਰੀ ਦੀ ਪਾਲਣਾ ਕਰਨੀ ਜਰੂਰੀ ਹੋਵੇਗਾ। ਮੰਤਰਾਲੇ ਨੇ ਬੰਦ ਦੌਰਾਨ ਸਾਰੀਆਂ ਮਸਜਿਦਾਂ ਦੀ ਸਫਾਈ ਦੀ ਜ਼ਿੰਮੇਵਾਰੀ ਏਜੰਸੀਆਂ ਨੂੰ ਸੌਂਪੀ ਹੈ ।ਕੋਰੋਨਾ ਸੰਕਟ ਦੇ ਚੱਲਦਿਆਂ ਤਿੰਨ ਮਹੀਨੇ ਤੋਂ ਬੰਦ ਪਵਿੱਤਰ ਸ਼ਹਿਰ ਮੱਕਾ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਸਖਤ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਦੱਸ ਦੇਈਏ ਕਿ ਸਾਊਦੀ ਅਰਬ ਨੇ ਆਪਣੀ ਸਥਾਪਨਾ ਤੋਂ ਬਾਅਦ ਲਗਭਗ 90 ਸਾਲਾਂ ਵਿੱਚ ਕਦੇ ਹੱਜ ਨੂੰ ਰੱਦ ਨਹੀਂ ਕੀਤਾ ਹੈ । ਇਸਲਾਮ ਧਰਮ ਦੇ ਪੰਜ ਬੁਨਿਆਦੀ ਥੰਮ ਹਨ, ਜਿਨ੍ਹਾਂ ਵਿੱਚ ਹੱਜ ਵੀ ਸ਼ਾਮਿਲ ਹੈ। ਹਰ ਮੁਸਲਮਾਨ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਹੱਜ ਦੀ ਇੱਛਾ ਰੱਖਦਾ ਹੈ। ਦੁਨੀਆ ਭਰ ਵਿੱਚ ਵੱਧ ਰਹੇ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਸਾਊਦੀ ਅਰਬ ਨੇ ਫਰਵਰੀ ਵਿੱਚ ਮੱਕਾ ਵਿੱਚ ਆਉਣ ਵਾਲੇ ‘ਉਮਰਾਹ’ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਸਾਊਦੀ ਅਰਬ ਦੇ ਫੈਸਲੇ ਤੋਂ ਇਹ ਸਪੱਸ਼ਟ ਹੈ ਕਿ ਦੂਜੇ ਦੇਸ਼ਾਂ ਦੇ ਮੁਸਲਮਾਨ ਹੱਜ ਕਰਨ ਲਈ ਸਾਊਦੀ ਅਰਬ ਨਹੀਂ ਜਾ ਸਕਣਗੇ। ਹਾਲਾਂਕਿ, ਸਾਊਦੀ ਅਰਬ ਦੇ ਹੱਜ ਨੂੰ ਮੁਲਤਵੀ ਨਾ ਕਰਨ ਦਾ ਫੈਸਲਾ ਵੀ ਬਹੁਤ ਜੋਖਮ ਭਰਿਆ ਫੈਸਲਾ ਮੰਨਿਆ ਜਾ ਰਿਹਾ ਹੈ।