Saudi Arabia permit 1000 pilgrims: ਦੁਨੀਆ ਭਰ ਵਿੱਚ ਮੁਸਲਿਮ ਭਾਈਚਾਰਾ ਹਰੇਕ ਸਾਲ ਹੱਜ ਲਈ ਵਿਸ਼ੇਸ਼ ਤਿਆਰੀਆਂ ਕਰਦਾ ਹੈ, ਪਰ ਇਸ ਵਾਰ ਸਥਿਤੀ ਬਦਲ ਗਈ ਹੈ। ਸਾਊਦੀ ਅਰਬ ਵੱਲੋਂ ਸੋਮਵਾਰ ਨੂੰ ਇਸ ਸਾਲ ਦੀ ਹੱਜ ਯਾਤਰਾ ਲਈ ਸਿਰਫ 1000 ਮੁਸਲਿਮ ਸ਼ਰਧਾਲੂਆਂ ਨੂੰ ਹੀ ਅਨੁਮਤੀ ਦੇਣ ਦਾ ਐਲਾਨ ਕੀਤਾ ਹੈ। ਹੱਜ ਯਾਤਰਾ ਇਸ ਸਾਲ 29 ਜੁਲਾਈ ਤੋਂ ਸ਼ੁਰੂ ਹੋਵੇਗੀ । 1000 ਸ਼ਰਧਾਲੂਆਂ ਵਿੱਚ ਸਾਊਦੀ ਅਰਬ ਤੋਂ ਬਾਹਰ ਦਾ ਕੋਈ ਨਹੀਂ ਹੋਵੇਗਾ । ਹੱਜ ਮੰਤਰੀ ਮੁਹੰਮਦ ਬੇਂਟੇਨ ਨੇ ਕਿਹਾ ਕਿ ਇਸ ਵਾਰ ਹੱਜ ਯਾਤਰੀਆਂ ਦੀ ਗਿਣਤੀ 1000 ਹੋਵੇਗੀ । ਇਸ ਵਿੱਚ ਥੋੜ੍ਹਾ ਜ਼ਿਆਦਾ ਜਾਂ ਘੱਟ ਹੋ ਸਕਦਾ ਹੈ ਪਰ ਹਜ਼ਾਰਾਂ ਨਹੀਂ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਸਾਲ ਦੇ ਹੱਜ ਲਈ ਚੋਣ ਪ੍ਰਕਿਰਿਆ ਦਾ ਆਧਾਰ ਕੀ ਹੋਵੇਗਾ।
ਕਮਾਂਡਰ ਜ਼ਾਇਦ ਅਲ ਤੁਵੇਲਾਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨਾ ਅਤੇ ਜੇਲ੍ਹ ਦੀ ਵਿਵਸਥਾ ਹੈ। ਉੱਥੇ ਹੀ ਗੈਰ ਸਾਊਦੀਆਂ ਨੂੰ ਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਊਦੀ ਨੇ ਜੁਲਾਈ ਵਿੱਚ ਹੱਜ ਯਾਤਰਾ ਦੀ ਤਿਆਰੀ ਦਾ ਐਲਾਨ ਕੀਤਾ ਹੈ । ਨਿਊਜ਼ ਏਜੇਂਸੀ ਅਨੁਸਾਰ ਹੱਜ ਸੁਰੱਖਿਆ ਬਲਾਂ ਦੇ ਕਮਾਂਡਰ ਜਾਇਦ ਅਲ ਤੁਵੈਲਾਨ ਨੇ ਐਤਵਾਰ ਨੂੰ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ ।
ਜ਼ਿਕਰਯੋਗ ਹੈ ਕਿ ਪਵਿੱਤਰ ਸ਼ਹਿਰ ਮੱਕਾ ਵਿੱਚ ਹਰੇਕ ਸਾਲ ਇਨੀਂ ਦਿਨੀਂ ਕਰੀਬ 25 ਲੱਖ ਲੋਕ ਤੀਰਥ ਯਾਤਰਾ ਲਈ ਆਉਂਦੇ ਸਨ । ਇਸ ਸਾਲ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ । ਨਵੇਂ ਨਿਯਮਾਂ ਅਨੁਸਾਰ 65 ਸਾਲ ਤੋਂ ਘੱਟ ਉਮਰ ਦੇ ਲੋਕ ਹੀ ਹੱਜ ਯਾਤਰਾ ‘ਤੇ ਜਾ ਸਕਣਗੇ ਅਤੇ ਉਹਨਾਂ ਨੂੰ ਕੋਈ ਵੀ ਗੰਭੀਰ ਬੀਮਾਰੀ ਨਹੀਂ ਹੋਣੀ ਚਾਹੀਦੀ । ਹੱਜ ਦਾ ਸਮਾਂ ਚੰਨ ਦਿਸਣ ਦੇ ਆਧਾਰ ‘ਤੇ ਨਿਰਧਾਰਿਤ ਕੀਤਾ ਜਾਵੇਗਾ। ਪਿਛਲੇ ਮਹੀਨੇ ਸਾਊਦੀ ਅਰਬ ਨੇ ਬਹੁਤ ਸੀਮਤ ਲੋਕਾਂ ਦੇ ਨਾਲ ਹੱਜ ਯਾਤਰਾ ਸ਼ੁਰੂ ਕਰਨ ਲਈ ਕਿਹਾ ਸੀ ।