Saudi Arabia prohibits men: ਸਾਊਦੀ ਅਰਬ ਨੇ ਆਪਣੇ ਦੇਸ਼ ਦੇ ਮਰਦਾਂ ਨੂੰ ਪਾਕਿਸਤਾਨ, ਬੰਗਲਾਦੇਸ਼, ਚਾਡ ਅਤੇ ਮਿਆਂਮਾਰ ਦੀਆਂ ਔਰਤਾਂ ਨਾਲ ਵਿਆਹ ਕਰਾਉਣ ‘ਤੇ ਰੋਕ ਲਗਾ ਦਿੱਤੀ ਹੈ। ਪਾਕਿਸਤਾਨੀ ਅਖਬਾਰ ਵੱਲੋਂ ਸਾਊਦੀ ਮੀਡੀਆ ਦੀ ਇੱਕ ਰਿਪੋਰਟ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ । ਅਣਅਧਿਕਾਰਤ ਅੰਕੜਿਆਂ ਅਨੁਸਾਰ ਸਾਊਦੀ ਵਿੱਚ ਫਿਲਹਾਲ ਇਨ੍ਹਾਂ ਚਾਰਾਂ ਦੇਸ਼ਾਂ ਦੀਆਂ 50,000 ਔਰਤਾਂ ਰਹਿੰਦੀਆਂ ਹਨ। ਇੱਕ ਰਿਪੋਰਟ ਵਿੱਚ ਮੱਕਾ ਦੇ ਡਾਇਰੈਕਟਰ ਜਨਰਲ ਪੁਲਿਸ ਦੇ ਮੇਜਰ ਜਨਰਲ ਅਸਫ ਅਲ ਕੁਰੈਸ਼ੀ ਦੇ ਹਵਾਲੇ ਨਾਲ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ੀਆਂ ਨਾਲ ਵਿਆਹ ਕਰਾਉਣ ਦੇ ਚਾਹਵਾਨ ਸਾਊਦੀ ਆਦਮੀਆਂ ਨੂੰ ਹੁਣ ਸਖਤ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ।
ਪਾਕਿਸਤਾਨੀ ਅਖਬਾਰ ਅਨੁਸਾਰ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਸਾਊਦੀ ਆਦਮੀਆਂ ਨੂੰ ਵਿਦੇਸ਼ੀਆਂ ਨਾਲ ਵਿਆਹ ਕਰਨ ਤੋਂ ਰੋਕਿਆ ਜਾ ਸਕੇ । ਇਸਦੇ ਨਾਲ ਹੀ ਵਿਦੇਸ਼ੀ ਲੋਕਾਂ ਨਾਲ ਵਿਆਹ ਦੀ ਆਗਿਆ ਜਾਰੀ ਕਰਨ ਤੋਂ ਪਹਿਲਾਂ ਵਾਧੂ ਨਿਯਮ ਨਿਰਧਾਰਤ ਕੀਤੇ ਗਏ ਹਨ। ਇਸ ਬਾਰੇ ਕੁਰੈਸ਼ੀ ਨੇ ਕਿਹਾ ਕਿ ਵਿਦੇਸ਼ੀ ਮਹਿਲਾਵਾਂ ਨਾਲ ਵਿਆਹ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ ਪਹਿਲਾਂ ਸਰਕਾਰ ਦੀ ਸਹਿਮਤੀ ਲੈਣੀ ਪਵੇਗੀ। ਨਾਲ ਹੀ ਵਿਆਹ ਕਰਨ ਲਈ ਇੱਕ ਅਰਜ਼ੀ ਦੇਣੀ ਪਵੇਗੀ।
ਇਸ ਤੋਂ ਅੱਗੇ ਕੁਰੈਸ਼ੀ ਨੇ ਕਿਹਾ ਕਿ ਤਲਾਕਸ਼ੁਦਾ ਆਦਮੀਆਂ ਨੂੰ ਤਲਾਕ ਦੇ ਛੇ ਮਹੀਨਿਆਂ ਦੇ ਅੰਦਰ ਅਰਜ਼ੀ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਬਿਨੈਕਾਰਾਂ ਦੀ ਉਮਰ 25 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ‘ਜੇ ਬਿਨੈਕਾਰ ਪਹਿਲਾਂ ਹੀ ਵਿਆਹਿਆ ਹੋਇਆ ਹੈ, ਤਾਂ ਉਸਨੂੰ ਹਸਪਤਾਲ ਤੋਂ ਇੱਕ ਰਿਪੋਰਟ ਦੇਣੀ ਪਵੇਗੀ ਜੋ ਇਹ ਸਾਬਿਤ ਕਰੇ ਕਿ ਉਸ ਦੀ ਪਤਨੀ ਜਾਂ ਤਾਂ ਅਪਾਹਜ ਹੈ, ਗੰਭੀਰ ਬੀਮਾਰੀ ਨਾਲ ਪੀੜਤ ਹੈ ਜਾਂ ਬਾਂਝ ਹੈ।’