Saudi Arabia Snowfall: ਸਾਊਦੀ ਅਰਬ ਤੋਂ ਜੇਕਰ ਭਾਰੀ ਬਰਫਬਾਰੀ ਹੋਣ ਦੀ ਖ਼ਬਰ ਆਉਂਦੀ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਆਖਿਰ ਮਾਰੂਥਲ ਅਤੇ ਇੱਕ ਗਰਮ ਰਾਜ ਵਿੱਚ ਇਹ ਕਿਵੇਂ ਸੰਭਵ ਹੈ। ਪਰ ਹੁਣ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਹਾਲ ਹੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਊਦੀ ਵਿੱਚ ਬਰਫਬਾਰੀ ਹੋ ਰਹੀ ਹੈ।
ਦਰਅਸਲ, ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਤਸਵੀਰਾਂ ਨਾਲ ਸਾਊਦੀ ਅਰਬ ਵਿੱਚ ਬਰਫਬਾਰੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਥੇ ਬਰਫਬਾਰੀ ਇੰਨੀ ਜ਼ਿਆਦਾ ਹੋਈ ਹੈ ਕਿ ਮਾਰੂਥਲ ਦੀ ਰੇਤ ਦੇ ਨਾਲ-ਨਾਲ ਊਠਾਂ ਦੀ ਪਿੱਠ ‘ਤੇ ਬਰਫ ਦੀ ਚਿੱਟੀ ਚਾਦਰ ਸਾਫ਼ ਦੇਖੀ ਜਾ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਦ੍ਰਿਸ਼ ਲਗਭਗ 50 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਇੱਥੇ ਪਹਿਲਾਂ ਵੀ ਬਰਫਬਾਰੀ ਹੋਈ ਹੈ, ਪਰ ਇੰਨੇ ਵੱਡੇ ਪੈਮਾਨੇ ‘ਤੇ ਨਹੀਂ ਹੋਈ ਸੀ। ਸਾਊਦੀ ਅਰਬ ਵਿੱਚ ਹੋਈ ਬਰਫਬਾਰੀ ਪੂਰੇ ਖਾੜੀ ਦੇਸ਼ਾਂ ਲਈ ਇੱਕ ਦੁਰਲੱਭ ਘਟਨਾ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਇੱਕ ਹਫ਼ਤਾ ਪਹਿਲਾਂ ਹੀ ਇੱਥੇ ਬਰਫੀਲੇ ਠੰਡ ਨੇ ਦਸਤਕ ਦਿੱਤੀ ਹੈ। ਤਾਪਮਾਨ ਮਾਇਨਸ 2 ਡਿਗਰੀ ਤੱਕ ਪਹੁੰਚ ਗਿਆ ਹੈ। ਰਿਹਾਇਸ਼ੀ ਖੇਤਰ ਦੇ ਲੋਕਾਂ ਦੇ ਨਾਲ ਜਾਨਵਰ ਵੀ ਇਸ ਭਾਰੀ ਬਰਫਬਾਰੀ ਤੋਂ ਬਹੁਤ ਪ੍ਰੇਸ਼ਾਨ ਹਨ।
ਦੱਸ ਦੇਈਏ ਕਿ ਇਸ ਦੌਰਾਨ ਮੌਸਮ ਵਿਭਾਗ ਨੇ ਬਰਫਬਾਰੀ ਨੂੰ ਲੈ ਕੇ ਚੇਤਾਵਨੀ ਵੀ ਜਾਰੀ ਕੀਤੀ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਕਈ ਗੁਣਾ ਵੱਧ ਸਕਦੀ ਹੈ । ਮੌਸਮ ਵਿਭਾਗ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ । ਖ਼ਾਸਕਰ ਰਾਤ ਨੂੰ ਲੋਕਾਂ ਨੂੰ ਵਧੇਰੇ ਗਰਮ ਕੱਪੜੇ ਪਾਉਣ ਲਈ ਕਿਹਾ ਗਿਆ ਹੈ।