Saudi Aramco discovers: ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਸਾਊਦੀ ਅਰਬ ਨੂੰ ਇੱਕ ਵੱਡਾ ਖਜ਼ਾਨਾ ਹੱਥ ਲੱਗਿਆ ਹੈ। ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਨੇ ਕਿੰਗਡਮ ਦੇ ਉੱਤਰੀ ਹਿੱਸੇ ਵਿੱਚ ਦੋ ਨਵੇਂ ਤੇਲ ਅਤੇ ਗੈਸ ਭੰਡਾਰ ਲੱਭੇ ਹਨ । ਸਾਊਦੀ ਦੇ ਊਰਜਾ ਮੰਤਰੀ ਪ੍ਰਿੰਸ ਅਬਦੁੱਲ ਅਜ਼ੀਜ਼ ਨੇ ਐਤਵਾਰ ਨੂੰ ਅਧਿਕਾਰਤ ਪ੍ਰੈਸ ਏਜੰਸੀ ਰਾਹੀਂ ਇਹ ਜਾਣਕਾਰੀ ਦਿੱਤੀ।
ਅਲ-ਜੌਫ ਖੇਤਰ ਵਿੱਚ ਸਥਿਤ ਗੈਸ ਭੰਡਾਰ ਦਾ ਨਾਮ ਹਦਬਤ ਅਲ-ਹਜ਼ਰਾ ਗੈਸ ਫੀਲਡ ਅਤੇ ਉੱਤਰੀ ਸਰਹੱਦੀ ਖੇਤਰ ਦੇ ਤੇਲ ਭੰਡਾਰ ਨੂੰ ਅਬਰਾਕ ਅਲ ਤਾਲੂਲ ਦਾ ਨਾਮ ਦਿੱਤਾ ਗਿਆ ਹਨ। ਪ੍ਰਿੰਸ ਅਬਦੁੱਲ ਅਜ਼ੀਜ਼ ਨੇ ਪ੍ਰੈਸ ਏਜੰਸੀ ਨੂੰ ਦੱਸਿਆ ਕਿ ਹਦਬਤ ਅਲ-ਹਜ਼ਰਾ ਫੀਲਡ ਦੇ ਅਲ ਸਰਾਰਾ ਭੰਡਾਰ ਤੋਂ 16 ਮਿਲੀਅਨ ਕਿਊਬਿਕ ਫੁੱਟ ਪ੍ਰਤੀ ਦਿਨ ਦੀ ਦਰ ਨਾਲ ਕੁਦਰਤੀ ਗੈਸ ਨਿਕਲਦੀ ਹੈ ਅਤੇ ਇਸਦੇ ਨਾਲ 1944 ਬੈਰਲ ਕੰਡੇਨਸੇਟਸ ਵੀ ਨਿਕਲਿਆ ਹੈ।
ਉੱਥੇ ਹੀ ਅਬਰਾਕ ਅਲ-ਤੁਲੂਲ ਤੋਂ ਹਰ ਦਿਨ ਲਗਭਗ 3,189 ਬੈਰਲ ਸੁਪਰ ਲਾਈਟ ਕਰੂਡ ਨਿਕਲ ਸਕਦਾ ਹੈ। ਨਾਲ ਹੀ 1.1 ਮਿਲੀਅਨ ਕਿਊਬਿਕ ਫੁੱਟ ਗੈਸ ਨਿਕਲ ਸਕਦੀ ਹੈ। ਅਰਾਮਕੋ ਗੈਸ ਅਤੇ ਤੇਲ ਫੀਲਡ ਵਿੱਚ ਪਾਏ ਜਾਣ ਵਾਲੇ ਤੇਲ, ਗੈਸ ਅਤੇ ਕੰਡੇਨਸੇਟ ਦੀ ਗੁਣਵੱਤਾ ਦੀ ਜਾਂਚ ਸ਼ੁਰੂ ਕਰੇਗੀ। ਪ੍ਰਿੰਸ ਅਬਦੁੱਲ ਅਜ਼ੀਜ਼ ਨੇ ਕਿਹਾ ਕਿ ਤੇਲ ਅਤੇ ਗੈਸ ਭੰਡਾਰਾਂ ਦੇ ਖੇਤਰ ਅਤੇ ਅਕਾਰ ਦਾ ਸਹੀ ਪਤਾ ਲਗਾਉਣ ਲਈ ਹੋਰ ਖੂਹ ਪੁੱਟੇ ਜਾਣਗੇ । ਪ੍ਰਿੰਸ ਨੇ ਦੇਸ਼ ਨੂੰ ਖੁਸ਼ਹਾਲੀ ਦੇਣ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਸਾਊਦੀ ਅਰਾਮਕੋ ਵਿਸ਼ਵ ਦੀ ਸਭ ਤੋਂ ਵੱਡੀ ਤੇਲ ਕੰਪਨੀ ਹੈ ਅਤੇ ਦੁਨੀਆ ਵਿੱਚ ਰੋਜ਼ਾਨਾ ਤੇਲ ਦੇ ਉਤਪਾਦਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਇਸਦਾ ਸਭ ਤੋਂ ਵੱਡਾ ਬਾਜ਼ਾਰ ਏਸ਼ੀਆ ਹੈ, ਜਿੱਥੇ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਇਸ ਦਾ 70% ਨਿਰਯਾਤ ਹੁੰਦਾ ਸੀ। ਵੈਨੇਜ਼ੂਏਲਾ ਤੋਂ ਬਾਅਦ ਸਾਊਦੀ ਅਰਬ ਕੋਲ ਸਭ ਤੋਂ ਵੱਧ ਪ੍ਰਮਾਣਿਕ ਤੇਲ ਭੰਡਾਰ ਹਨ। ਦੁਨੀਆ ਭਰ ਦੇ ਭੰਡਾਰਾਂ ਵਿੱਚ ਸਾਊਦੀ ਦੀ ਹਿੱਸੇਦਾਰੀ 17.2 ਪ੍ਰਤੀਸ਼ਤ ਹੈ। ਹਾਲਾਂਕਿ, ਸਾਊਦੀ ਕੋਲ ਤੇਲ ਦੇ ਮੁਕਾਬਲੇ ਗੈਸ ਭੰਡਾਰ ਘੱਟ ਹਨ ਅਤੇ ਗਲੋਬਲ ਗੈਸ ਭੰਡਾਰ ਦਾ ਸਿਰਫ 3 ਪ੍ਰਤੀਸ਼ਤ ਹੈ।
ਦੱਸ ਦੇਈਏ ਕਿ ਸਾਊਦੀ ਅਰਬ ਦੇਸ਼ ਦਾ ਪਹਿਲਾ ਵਿੰਡ ਪਾਵਰ ਪਲਾਂਟ ਬਣਾਉਣ ‘ਤੇ ਵੀ ਕੰਮ ਕਰ ਰਿਹਾ ਹੈ। ਇਹ ਨਵੇਂ ਖੇਤਰ ਸਾਊਦੀ ਦੇ ਉਸੇ ਹੀ ਵਿੰਡ ਕੋਰੀਡੋਰ ਵਿੱਚ ਸਥਿਤ ਹਨ। ਸਾਊਦੀ ਦੇ ਉੱਤਰੀ ਹਿੱਸੇ ਵਿੱਚ ਅਲ-ਜੌਫ ਵਿੱਚ ਸਕਾਕਾ ਪਾਵਰ ਪਲਾਂਟ ਬਣਾਇਆ ਜਾ ਰਿਹਾ ਹੈ, ਜਿਸਦੀ ਲਾਗਤ 302 ਅਰਬ ਡਾਲਰ ਹੈ। ਸਾਊਦੀ ਅਰਬ ਉੱਤਰੀ ਹਿੱਸੇ ਵਿੱਚ ਆਪਣੀ ਨਿਯੋਮ ਨਾਮ ਦੀ ਯੋਜਨਾ ਨਾਲ ਇੱਕ ਸ਼ਹਿਰ ਬਣਾਉਣ ਜਾ ਰਿਹਾ ਹੈ, ਜਿਸਦੀ ਲਾਗਤ 500 ਅਰਬ ਡਾਲਰ ਹੈ। ਇਹ ਜੌਰਡਨ ਅਤੇ ਮਿਸਰ ਦੀ ਸਰਹੱਦ ਨਾਲ ਲੱਗਦਾ ਹੋਵੇਗਾ। ਇਸ ਸ਼ਹਿਰ ਵਿੱਚ ਭਵਿੱਖ ਦੇ ਕਈ ਮਹੱਤਵਪੂਰਨ ਊਰਜਾ ਪ੍ਰਾਜੈਕਟਾਂ ‘ਤੇ ਵੀ ਕੰਮ ਕੀਤਾ ਜਾਵੇਗਾ।