ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਆਉਣ ਤੋਂ ਬਾਅਦ ਸਭ ਤੋਂ ਵੱਧ ਖੁਸ਼ੀ ਪਾਕਿਸਤਾਨੀਆਂ ਵਿੱਚ ਹੈ। ਪਹਿਲਾਂ ਖੁਦ ਪਾਕਿਸਤਾਨੀ ਪੀਐੱਮ ਇਮਰਾਨ ਖਾਨ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਤਾਲਿਬਾਨ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ। ਉਨ੍ਹਾਂ ਤੋਂ ਬਾਅਦ ਹੁਣ ਪਾਕਿਸਤਾਨ ਦੇ ਖਿਡਾਰੀ ਵੀ ਤਾਲਿਬਾਨ ਦਾ ਸਮਰਥਨ ਕਰ ਰਹੇ ਹਨ।
ਦਰਅਸਲ, ਹੁਣ ਪਾਕਿਸਤਾਨ ਕ੍ਰਿਕਟਰ ਸ਼ਾਹਿਦ ਅਫਰੀਦੀ ਵੱਲੋਂ ਵੀ ਤਾਲਿਬਾਨ ਦਾ ਸਮਰਥਨ ਕੀਤਾ ਗਿਆ ਹੈ। ਸ਼ਾਹਿਦ ਅਫਰੀਦੀ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਤਾਲਿਬਾਨ ਇਸ ਵਾਰ ਸਕਾਰਾਤਮਕ ਸੋਚ ਨਾਲ ਸੱਤਾ ਵਿੱਚ ਵਾਪਸ ਆ ਗਿਆ ਹੈ।
ਦੱਸ ਦੇਈਏ ਕਿ ਸ਼ਾਹਿਦ ਅਫਰੀਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਅਫਰੀਦੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਤਾਲੀਬਾਨ ਮਹਿਲਾਵਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਰਿਹਾ ਹੈ ਤੇ ਕ੍ਰਿਕੇਟ ਨੂੰ ਪਸੰਦ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਇਸ ਵਾਰ ਪਾਜ਼ੀਟਿਵ ਮਾਈਂਡ ਨਾਲ ਆਇਆ ਹੈ।
ਗੌਰਤਲਬ ਹੈ ਕਿ ਪਾਕਿਸਤਾਨ ਦੇ ਸਟਾਰ ਆਲਰਾਉਂਡਰ ਅਫਰੀਦੀ ਤਾਲਿਬਾਨ ਦੀ ਤਾਰੀਫ਼ ਕਰ ਕੇ ਬੁਰੀ ਤਰ੍ਹਾਂ ਫਸ ਗਏ ਹਨ। ਅਫਰੀਦੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਵਾਲ ਮਚ ਗਿਆ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਲੋਕ ਵੀ ਅਫਰੀਦੀ ਨੂੰ ਝਾੜ ਪਾ ਰਹੇ ਹਨ।