Sharjah Lucknow IndiGo flight: ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ ਤੋਂ ਲਖਨਊ ਆ ਰਹੀ ਇੰਡੀਗੋ ਦੀ ਫਲਾਈਟ ਦੀ ਕਰਾਚੀ ਵਿੱਚ ਮੈਡੀਕਲ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਯਾਤਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਾ ਕੇ ਯਾਤਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਇੰਡੀਗੋ ਏਅਰਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ ਮੈਡੀਕਲ ਐਮਰਜੈਂਸੀ ਕਾਰਨ ਸ਼ਾਰਜਾਹ ਤੋਂ ਲਖਨਊ ਜਾਣ ਵਾਲੇ ਇੰਡੀਗੋ ਦੀ ਉਡਾਣ 6E1412 ਦੀ ਕਰਾਚੀ ਵਿੱਚ ਮੈਡੀਕਲ ਲੈਂਡਿੰਗ ਕਰਾਈ ਗਈ। ਬਦਕਿਸਮਤੀ ਨਾਲ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਹਵਾਈ ਅੱਡੇ ਦੀ ਮੈਡੀਕਲ ਟੀਮ ਵੱਲੋਂ ਯਾਤਰੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਲਖਨਊ ਜਾ ਰਹੀ ਫਲਾਈਟ ਜਦੋਂ ਪਾਕਿਸਤਾਨ ਏਅਰਸਪੇਸ ਵਿੱਚ ਸੀ ਉਦੋਂ ਇਕ ਯਾਤਰੀ ਦੀ ਤਬੀਅਤ ਖਰਾਬ ਹੋ ਗਈ। ਇਸ ਮਗਰੋਂ ਫਲਾਈਟ ਦੇ ਕੈਪਟਨ ਨੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਕਰਾਚੀ ਹਵਾਈ ਅੱਡੇ ਤੇ ਮੈਡੀਕਲ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਣ ਮਗਰੋਂ ਸਵੇਰੇ 5.30 ਵਜੇ ਕਰਾਚੀ ਦੇ ਜਿਨਾਹ ਹਵਾਈ ਅੱਡੇ ‘ਤੇ ਲੈਂਡਿੰਗ ਕੀਤੀ ਗਈ।
ਇਸ ਸਬੰਧੀ ਕਰਾਚੀ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ 67 ਸਾਲਾਂ ਹਬੀਬੁਰ ਰਹਿਮਾਨ ਦੀ ਮੌਤ ਫਲਾਈਟ ਵਿੱਚ ਹੀ ਹੋ ਗਈ ਸੀ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਯਾਤਰੀ ਦੇ ਮ੍ਰਿਤਕ ਘੋਸ਼ਿਤ ਕੀਤੇ ਜਾਣ ਮਗਰੋਂ ਸਾਰੀਆਂ ਕਾਨੂੰਨੀ ਕਾਰਵਾਈਆਂ ਕਰਨ ਦੇ ਬਾਅਦ ਫਲਾਈਟ ਸਵੇਰੇ 8.36 ਵਜੇ ਭਾਰਤ ਲਈ ਰਵਾਨਾ ਹੋਈ । ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤੀ ਜਹਾਜ਼ ਦੀ ਪਾਕਿਸਤਾਨ ਵਿਚ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੰਬਰ ਵਿੱਚ ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਵਿੱਚ ਮੈਡੀਕਲ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਉਸ ਸਮੇਂ ਇੱਕ ਯਾਤਰੀ ਦੀ ਸਿਹਤ ਖਰਾਬ ਹੋ ਗਈ ਸੀ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਹਾਲਾਂਕਿ, ਉਸ ਯਾਤਰੀ ਦੀ ਵੀ ਜਾਨ ਨਹੀਂ ਬਚਾਈ ਜਾ ਸਕੀ ਸੀ।