ਭਾਰਤੀ ਮੂਲ ਦੀ ਤੀਜੀ ਮਹਿਲਾ ਐਤਵਾਰ ਯਾਨੀ ਕਿ ਅੱਜ ਪੁਲਾੜ ਵਿੱਚ ਕਦਮ ਰੱਖੇਗੀ। ਆਂਧਰਾ ਪ੍ਰਦੇਸ਼ ਦੇ ਚਿਰਾਲਾ ਵਿਖੇ ਪੈਦਾ ਹੋਈ 34 ਸਾਲਾਂ ਐਰੋਨਾਟੀਕਲ ਇੰਜੀਨੀਅਰ ਸਿਰਿਸ਼ਾ ਬਾਂਦਲਾ ਵਰਜਿਨ ਗੈਲੇਕਟਿਕ ਦੇ ਵੀ.ਐੱਸ.ਐੱਸ. ਯੂਨਿਟੀ ’ਤੇ ਚਾਲਕ ਦਲ ਦੇ 5 ਮੈਂਬਰਾਂ ਨਾਲ ਪੁਲਾੜ ਲਈ ਉਡਾਣ ਭਰੇਗੀ ।
ਸਿਰਿਸ਼ਾ ਨੇ ਹਿਊਸਟਨ ਵਿਖੇ ਸਿੱਖਿਆ ਹਾਸਿਲ ਕੀਤੀ ਹੈ। ਸਿਰਿਸ਼ਾ ਦੇ ਨਾਲ ਹੀ ਵਰਜਿਨ ਦੇ ਸੰਸਥਾਪਕ ਰਿਚਰਡ ਬ੍ਰੇਨਸਨ ਅਤੇ ਚਾਰ ਹੋਰ ਵਿਅਕਤੀ ਵੀ ਪੁਲਾੜ ਵਿੱਚ ਜਾਣਗੇ। ਸਿਰਿਸ਼ਾ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਤੋਂ ਬਾਅਦ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਤੀਜੀ ਮਹਿਲਾ ਹੋਵੇਗੀ।
ਇਹ ਵੀ ਪੜ੍ਹੋ: 9 ਜ਼ਿਲ੍ਹਿਆਂ ‘ਚ ਬਾਰਿਸ਼ ਕਾਰਨ ਘੱਟੀ ਬਿਜਲੀ ਦੀ ਮੰਗ, ਤਲਵੰਡੀ ਸਾਬੋ ਦੀ ਯੂਨਿਟ ਕੱਲ੍ਹ ਹੋਵੇਗੀ ਮੁੜ ਸ਼ੁਰੂ
ਇਸ ਸਬੰਧੀ ਸਿਰਿਸ਼ਾ ਨੇ ਇੱਕ ਟਵੀਟ ਕਰਦਿਆਂ ਕਿਹਾ, “ਮੈਂ ਯੂਨਿਟੀ 22 ਦੇ ਸ਼ਾਨਦਾਰ ਚਾਲਕ ਦਲ ਅਤੇ ਇੱਕ ਅਜਿਹੀ ਕੰਪਨੀ ਦਾ ਹਿੱਸਾ ਬਣਨ ਲਈ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਜਿਸਦਾ ਮਿਸ਼ਨ ਪੁਲਾੜ ਨੂੰ ਸਾਰਿਆਂ ਲਈ ਉਪਲੱਬਧ ਕਰਵਾਉਣਾ ਹੈ।”
ਵਰਜਿਨ ਗੈਲੈਕਟਿਕ ‘ਤੇ ਬਾਂਦਲਾ ਦੇ ਪ੍ਰੋਫਾਈਲ ਦੇ ਅਨੁਸਾਰ ਉਹ ਪੁਲਾੜ ਯਾਤਰੀ ਨੰਬਰ 004 ਹੋਵੇਗੀ ਅਤੇ ਉਡਾਣ ਦੌਰਾਨ ਉਹ ਰਿਸਰਚਰ ਐਕਸਪੀਰੀਐਂਸ ਦੀ ਭੂਮਿਕਾ ਨਿਭਾਏਗੀ।
ਇਹ ਵੀ ਪੜ੍ਹੋ: ਪੰਜਾਬ ‘ਚ ਸਰਕਾਰੀ ਹਸਪਤਾਲਾਂ ਦੇ ਡਾਕਟਰ ਜਾਣਗੇ ਇੱਕ ਹਫਤੇ ਦੀ ਹੜਤਾਲ ‘ਤੇ, ਪੜ੍ਹੋ ਪੂਰੀ ਖਬਰ
ਸਿਰਿਸ਼ਾ ਨੇ 6 ਜੁਲਾਈ ਨੂੰ ਵਰਜਿਨ ਗੈਲੈਕਟਿਕ ਦੇ ਟਵਿੱਟਰ ਅਕਾਊਂਟ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ, “ਜਦੋਂ ਮੈਂ ਪਹਿਲੀ ਵਾਰ ਸੁਣਿਆ ਕਿ ਮੈਨੂੰ ਇਹ ਮੌਕਾ ਮਿਲ ਰਿਹਾ ਹੈ, ਤਾਂ ਮੈਂ ਨਿਸ਼ਬਦ ਹੋ ਗਈ ਸੀ। ਇਹ ਇੱਕ ਸ਼ਾਨਦਾਰ ਮੌਕਾ ਹੈ ਜਦੋਂ ਪੁਲਾੜ ਵਿੱਚ ਵੱਖਰੇ ਪਿਛੋਕੜ, ਸਥਾਨ ਅਤੇ ਵੱਖਰੇ-ਵੱਖਰੇ ਭਾਈਚਾਰੇ ਦੇ ਲੋਕ ਹੋਣਗੇ।”
ਦੱਸ ਦੇਈਏ ਕਿ ਵਰਜਿਨ ਗੈਲੈਕਟਿਕ ਦੇ ਪੁਲਾੜ ਜਹਾਜ਼ ਨੂੰ ਸਪੇਸਸ਼ਿੱਪ ਟੂ ਕਿਹਾ ਜਾਂਦਾ ਹੈ। ਇਸ ਨੂੰ ਤਿਆਰ ਕਰਨ ਵਿੱਚ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਲੱਗਿਆ । ਜੇ ਸਭ ਕੁਝ ਠੀਕ ਰਿਹਾ ਤਾਂ ਬ੍ਰੇਨਸਨ ਲਗਭਗ 90 ਮਿੰਟਾਂ ਲਈ ਅਸਮਾਨ ਵਿੱਚ ਰਹਿਣਗੇ। ਸਪੇਸਸ਼ਿੱਪ ਟੂ ਦੀ ਸਪੀਡ 2,300 ਮੀਲ ਪ੍ਰਤੀ ਘੰਟਾ ਹੋਵੇਗੀ । ਇਹ ਫਲਾਈਟ ਐਤਵਾਰ ਯਾਨੀ ਅੱਜ (11 ਜੁਲਾਈ) ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਨਿਊ ਮੈਕਸੀਕੋ ਤੋਂ ਉਡਾਣ ਭਰੇਗੀ । ਇਸ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।