ਅੱਜ ਦੇ ਸਮੇਂ ਵਿੱਚ ਕਿਸੇ ਮਹਿਲਾ ਦੀ ਡਿਲੀਵਰੀ ਦੇ ਸਮੇਂ ਇੱਕੋ ਸਮੇਂ 3 ਤੋਂ 4 ਬੱਚਿਆਂ ਨੂੰ ਜਨਮ ਹੋਣਾ ਇੱਕ ਆਮ ਗੱਲ ਹੋ ਗਈ ਹੈ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਮਹਿਲਾ ਨੇ ਇੱਕੋ ਸਮੇਂ 10 ਬੱਚਿਆਂ ਨੂੰ ਜਨਮ ਦਿੱਤਾ ਹੈ?
ਦਰਅਸਲ, ਦੱਖਣੀ ਅਫਰੀਕਾ ਵਿੱਚ ਅਜਿਹਾ ਹੀ ਹੋਇਆ ਹੈ, ਇੱਥੇ ਇੱਕ ਮਹਿਲਾ ਨੇ 10 ਬੱਚਿਆਂ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ 7 ਜੂਨ ਨੂੰ 37 ਸਾਲਾਂ ਦੀ ਗੋਸੀਆਮੀ ਧਮਾਰਾ ਸਿਟਹੋਲ ਨਾਮ ਦੀ ਮਹਿਲਾ ਨੇ ਇੱਕੋ ਸਮੇਂ 10 ਬੱਚਿਆਂ ਨੂੰ ਜਨਮ ਦੇ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਮਹਿਲਾ ਨੇ 7 ਮੁੰਡਿਆਂ ਤੇ 3 ਕੁੜੀਆਂ ਨੂੰ ਜਨਮ ਦਿੱਤਾ ਹੈ।
ਉੱਥੇ ਹੀ ਅਫਰੀਕੀ ਮੀਡੀਆ ਅਨੁਸਾਰ ਡਾਕਟਰ ਨੇ ਮਹਿਲਾ ਨੂੰ ਡਿਲੀਵਰੀ ਤੋਂ ਪਹਿਲਾਂ 6 ਬੱਚਿਆਂ ਦੇ ਜਨਮ ਬਾਰੇ ਦੱਸਿਆ ਸੀ, ਜਦੋਂ ਕਿ ਮਹਿਲਾ ਦੇ ਪਤੀ ਨੂੰ 8 ਬੱਚਿਆਂ ਦੇ ਜਨਮ ਲੈਣ ਦੀ ਉਮੀਦ ਸੀ। ਹੁਣ ਇਹ ਜੋੜਾ ਆਪਣੇ 10 ਬੱਚਿਆਂ ਦੇ ਜਨਮ ਤੋਂ ਬਹੁਤ ਖੁਸ਼ ਹੈ, ਪਰ ਸਿਟਹੋਲ ਲਈ ਇਕੱਠੇ 10 ਬੱਚੇ ਪੈਦਾ ਕਰਨਾ ਅਸਾਨ ਨਹੀਂ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ ਮਹੀਨੇ ਮੋਰੱਕੋ ਵਿੱਚ ਮਾਲੀ ਦੀ ਹਾਲੀਮਾ ਸੀਸੀ ਨਾਮ ਦੀ ਮਹਿਲਾ ਨੇ ਇੱਕੋ ਸਮੇਂ 9 ਬੱਚਿਆਂ ਨੂੰ ਜਨਮ ਦੇ ਕੇ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ, ਪਰ ਹੁਣ ਇੱਕ ਮਹੀਨੇ ਬਾਅਦ ਹੀ ਇਹ ਰਿਕਾਰਡ ਟੁੱਟ ਗਿਆ ਹੈ, ਕਿਉਂਕਿ ਸਿਟਹੋਲ ਨੇ ਇੱਕੋ ਸਮੇਂ 10 ਬੱਚਿਆਂ ਨੂੰ ਜਨਮ ਦਿੱਤਾ ਹੈ।
ਦੱਸ ਦੇਈਏ ਕਿ ਅਫਰੀਕੀ ਮੀਡੀਆ ਅਨੁਸਾਰ ਸਿਟਹੋਲ ਅਤੇ ਉਸਦੇ ਬੱਚੇ ਸਿਹਤਮੰਦ ਹਨ ਅਤੇ ਕੁਝ ਸਮੇਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਗੇ। ਉੱਥੇ ਹੀ ਸਿਟਹੋਲ ਨੇ ਦੱਸਿਆ ਕਿ ਉਹ ਗਰਭ ਅਵਸਥਾ ਦੌਰਾਨ ਬਹੁਤ ਬਿਮਾਰ ਹੋ ਗਈ ਸੀ ਅਤੇ ਉਨ੍ਹਾਂ ਲਈ ਇਹ ਸਮਾਂ ਬਹੁਤ ਮੁਸ਼ਕਿਲ ਸੀ।
ਇਹ ਵੀ ਦੇਖੋ: ਰਹੱਸਮਈ ਕਹਾਣੀ, ਚੰਡੀਗੜ੍ਹ ਤੋਂ ਦਿੱਲੀ ਜਾਂਦਾ ਪਰਿਵਾਰ ਲਾਪਤਾ ! ਆਖਿਰ ਪਰਿਵਾਰ ਕਿੱਥੇ ਹੋਇਆ ਗਾਇਬ ?