Sri Lanka coronavirus prison riot: ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੀ ਮਹਾਰਾਜਾ ਜੇਲ੍ਹ ਵਿੱਚ ਕੋਰੋਨਾ ਨੂੰ ਲੈ ਕੇ ਗਾਰਡਾਂ ਨਾਲ ਹੋਈ ਝੜਪ ਵਿੱਚ 8 ਕੈਦੀਆਂ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਬੁਰੀ ਤਰ੍ਹਾਂ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੀਆਂ ਭੀੜ-ਭਾੜ ਵਾਲੀਆਂ ਜੇਲ੍ਹਾਂ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਸੰਕਰਮਣ ‘ਤੇ ਕੈਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤੇ ਉਸੇ ਦੌਰਾਨ ਸੁਰੱਖਿਆ ਗਾਰਡਾਂ ਨਾਲ ਇਨ੍ਹਾਂ ਦੀ ਝੜਪ ਹੋ ਗਈ ।
ਅਧਿਕਾਰੀਆਂ ਅਨੁਸਾਰ ਗਾਰਡਾਂ ਨਾਲ ਹੋਈ ਝੜਪ ਵਿੱਚ ਘੱਟੋ-ਘੱਟ ਅੱਠ ਕੈਦੀ ਮਾਰੇ ਗਏ ਅਤੇ 50 ਤੋਂ ਵੱਧ ਜ਼ਖਮੀ ਹੋਏ । ਪਿਛਲੇ ਮਹੀਨੇ ਸ਼੍ਰੀਲੰਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਦੇਸ਼ ਭਰ ਦੀਆਂ ਭੀੜ ਭਰੀਆਂ ਜੇਲ੍ਹਾਂ ਵਿੱਚ ਹਜ਼ਾਰਾਂ ਨਵੇਂ ਸੰਕਰਮਿਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ ।
ਦਰਅਸਲ, ਕੈਦੀਆਂ ਵੱਲੋਂ ਹਫਤਿਆਂ ਵਿੱਚ ਕੋਰੋਨਾ ਵਾਇਰਸ ਟੈਸਟ ਵਿੱਚ ਵਾਧੇ ਅਤੇ ਸੰਕਰਮਿਤ ਕੈਦੀਆਂ ਲਈ ਵੱਖਰੀਆਂ ਸਹੂਲਤਾਂ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ । ਰਾਜਧਾਨੀ ਕੋਲੰਬੋ ਦੇ ਬਾਹਰੀ ਇਲਾਕੇ ਵਿੱਚ ਸਥਿਤ ਮਹਾਰਾਜਾ ਜੇਲ੍ਹ ਵਿਖੇ ਤਾਜ਼ਾ ਝੜਪ ਐਤਵਾਰ ਨੂੰ ਉਸ ਸਮੇਂ ਸ਼ੁਰੂ ਹੋਈ ਜਦੋਂ ਕੁਝ ਕੈਦੀਆਂ ਨੇ ਕੋਵਿਡ-19 ਵਾਇਰਸ ਨਾਲ ਸੰਕਰਮਿਤ ਕੈਦੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ।
ਇਸ ਸਬੰਧੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਜੀਤ ਰੋਹਾਨਾ ਨੇ ਕਿਹਾ, “ਅਸੀਂ ਨਿਸ਼ਚਤ ਤੌਰ ‘ਤੇ ਕੁਝ ਨਹੀਂ ਕਹਿ ਸਕਦੇ, ਪਰ ਜ਼ਿਆਦਾਤਰ ਮੌਤਾਂ ਗੋਲੀਬਾਰੀ ਕਾਰਨ ਹੋਈਆਂ ਹਨ।” ਗਾਰਡਾਂ ਦੀ ਮਦਦ ਅਤੇ ਜੇਲ੍ਹ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸੈਂਕੜੇ ਹੋਰ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਦੱਸ ਦੇਈਏ ਕਿ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਨਵੇਂ ਅੰਕੜਿਆਂ ਦੇ ਅਨੁਸਾਰ ਸ਼੍ਰੀਲੰਕਾ ਵਿੱਚ 22,988 ਕੋਰੋਨਾ ਵਾਇਰਸ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ ਹੁਣ ਤੱਕ 109 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਦੇਖੋ: Punjab ‘ਚ ਅੱਜ ਤੋਂ Curfew ਲਾਗੂ, ਵੇਖ ਲਓ ਕੀ ਨੇ ਸਰਕਾਰ ਦੀਆਂ ਨਵੀਆਂ ਗਾਈਡਲਾਈਨਾਂ…