ਭਾਰਤ ਤੇ ਕੈਨੇਡਾ ਵਿਚ ਜਾਰੀ ਤਣਾਅ ਵਿਚਾਲੇ ਸ਼੍ਰੀਲੰਕਾ ਦਾ ਰੁਖ਼ ਸਾਹਮਣੇ ਆਇਆ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਕੈਨੇਡਾ ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ। ਪੀਐੱਮ ਟਰੂਡੋ ਨੇ ਬਿਨਾਂ ਕਿਸੇ ਸਬੂਤ ਦੇ ਭਾਰਤ ਖਿਲਾਫ ਦੋਸ਼ ਲਗਾਏ ਹਨ।
ਸਾਬਰੀ ਨੇ ਕਿਹਾ ਕਿ ਉਹ ਇਹ ਦੇਖ ਕੇ ਹੈਰਾਨ ਨਹੀਂ ਹੋਏ ਹਨ ਕਿਉਂਕਿ ਟਰੂਡੋ ਪਹਿਲਾਂ ਵੀ ਅਜਿਹੇ ਬੇਤੁਕੇ ਦੋਸ਼ ਲਗਾ ਚੁੱਕੇ ਹਨ। ਇਸ ਤੋਂ ਪਹਿਲਾਂ ਟਰੂਡੋ ਨੇ ਸ਼੍ਰੀਲੰਕਾ ਨੂੰ ਲੈ ਕੇ ਵੀ ਅਜਿਹਾ ਹੀ ਝੂਠ ਬੋਲਿਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਸ੍ਰੀਲੰਕਾ ਵਿੱਚ ਨਸਲਕੁਸ਼ੀ ਹੋਈ ਸੀ, ਜਦੋਂ ਕਿ ਅਜਿਹਾ ਕੁਝ ਨਹੀਂ ਸੀ ਅਤੇ ਇਹ ਸਭ ਜਾਣਦੇ ਹਨ।
ਦੂਜੇ ਪਾਸੇ ਕੈਨੇਡਾ ਨੇ ਭਾਰਤ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਟ੍ਰੈਵਲ ਐਡਵਾਇਜਰੀ ਅਪਡੇਟ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਕੈਨੇਡੀਆਈ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਲਰਟ ਰਹਿਣ ਤੇ ਸਾਵਧਾਨੀ ਵਰਤਣ ਕਿਉਂਕਿ ਸੋਸ਼ਲ ਮੀਡੀਆ ‘ਤੇ ਕੈਨੇਡਾ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਦੇਖਿਆ ਕਿ ਉਨ੍ਹਾਂ ਨੇ ਵਰਲਡ ਵਾਰ-2 ਵਿਚ ਨਾਜੀਆਂ ਨਾਲ ਲੜਨ ਵਾਲੇ ਕਿਸੇ ਸ਼ਖਸ ਦਾ ਸਨਮਾਨ ਕੀਤਾ।ਇਹ ਨਵੀਂ ਗੱਲ ਨਹੀਂ ਹੈ ਕਿ ਪੀਐੱਮ ਟਰੂਡੋ ਕਈ ਵਾਰ ਅਪਮਾਨਜਨਕ ਦੋਸ਼ਾਂ ਦੇ ਨਾਲ ਸਾਹਮਣੇ ਆਉਂਦੇ ਹਨ ਜਿਸ ਦਾ ਕੋਈ ਆਧਾਰ ਨਹੀਂ ਹੁੰਦਾ ਹੈ।
ਮਈ ਵਿਚ ਪੀਐੱਮ ਟਰੂਡੋ ਨੇ ਸ਼੍ਰੀਲੰਕਾ ਵਿਚ ਗ੍ਰਹਿ ਯੁੱਧ ਖਤਮ ਹੋਣ ਦੀ 14ਵੀਂ ਵਰ੍ਹੇਗੰਢ ‘ਤੇ ਕਿਹਾ ਸੀ ਕਿ ਉਸ ਦੌਰਾਨ ਹਜ਼ਾਰਾਂ ਤਮਿਲਾਂ ਨੇ ਆਪਣੀ ਜਾਨ ਗੁਆਈ ਸੀ, ਕਈ ਲਾਪਤਾ ਤੇ ਜ਼ਖਮੀ ਹੋਏ ਸਨ। ਨਾਲ ਹੀ ਕਈ ਲੋਕਾਂ ਨੇ ਆਪਣੇ ਘਰ ਛੱਡਣੇ ਪਏ ਸਨ। ਟਰੂਡੋ ਨੇ ਕਿਹਾ ਸੀ ਕਿ ਇਸ ਵਿਚ ਮੁਲਿਵਾਈਕਲ ਵਿਚ ਹੋਇਆ ਨਸਲਕੁਸ਼ੀ ਵੀ ਸ਼ਾਮਲ ਹੈ।
ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦੀ ਸੰਸਦ ਨੇ ਪਿਛਲੇ ਸਾਲ ਸਰਬਸੰਮਤੀ ਨਾਲ 18 ਮਈ ਨੂੰ ਤਾਮਿਲ ਨਸਲਕੁਸ਼ੀ ਯਾਦਗਾਰੀ ਦਿਵਸ ਵਜੋਂ ਘੋਸ਼ਿਤ ਕਰਨ ਵਾਲਾ ਮਤਾ ਪਾਸ ਕੀਤਾ ਸੀ। ਇਸ ‘ਤੇ ਸ਼੍ਰੀਲੰਕਾ ਨੇ ਵਿਰੋਧ ਜਤਾਇਆ ਸੀ। ਸੋਮਵਾਰ ਨੂੰ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ- ਟਰੂਡੋ ਦੇ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਦੂਜੇ ਦੇਸ਼ਾਂ ਦੇ ਮਾਮਲਿਆਂ ਵਿਚ ਦਖਲ ਨਹੀਂ ਦੇਣਾ ਚਾਹੀਦਾ ਤੇ ਨਾ ਹੀ ਇਹ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੇਸ਼ ਕਿਵੇਂ ਚਲਾਇਆ ਜਾਵੇ।ਸਾਬਰੀ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਵਿਚ ਹਾਂ ਤੇ ਇਸ ਲਈ ਇਸ ਨੂੰ ਬੇਹਤਰ ਸਮਝਦੇ ਹਾਂ। ਟਰੂਡੋ ਦਾ ਬਿਆਨ ਗਲਤ ਤੇ ਅਪਮਾਨਜਨਕ ਸੀ।
ਭਾਰਤ ਵਿਚ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਮਿਲਿੰਡਾ ਮੋਰਾਗੋਡਾ ਨੇ ਕਿਹਾ ਕਿ ਕੈਨੇਡਾ ਦੇ ਦੋਸ਼ਾਂ ‘ਤੇ ਭਾਰਤ ਦੀ ਪ੍ਰਤੀਕਿਰਿਆ ਕਾਫੀ ਸਖਤ ਰਹੀ ਹੈ।ਸ਼੍ਰੀਲੰਕਾ ਇਸ ਮਾਮਲੇ ਵਿਚ ਭਾਰਤ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਦੇ ਲੋਕਾਂ ਨੂੰ ਅੱਤਵਾਦ ਦੀ ਵਜ੍ਹਾ ਤੋਂ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਦਾ ਦੇਸ਼ ਅੱਤਵਾਦ ਨੂੰ ਲੈ ਕੇ ਜ਼ੀਰੋ ਟੋਲਰੈਂਸ ਰੱਖਦਾ ਹੈ।
ਵੀਡੀਓ ਲਈ ਕਲਿੱਕ ਕਰੋ -: