Suez Canal Ships stuck: ਕੀ ਤੁਸੀਂ ਕਦੇ ਸਮੁੰਦਰ ਵਿੱਚ ਟ੍ਰੈਫਿਕ ਜਾਮ ਬਾਰੇ ਸੁਣਿਆ ਹੈ? ਅਜਿਹਾ ਸੋਚਣਾ ਅਜੀਬ ਲੱਗਦਾ ਹੈ, ਪਰ ਅਜਿਹਾ ਹੋਇਆ ਹੈ। ਦੁਨੀਆ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ ਸ਼ਿਪਿੰਗ ਰੂਟ ‘ਤੇ ਇੱਕ ਜਹਾਜ਼ ਪਿਛਲੇ ਤਿੰਨ ਦਿਨਾਂ ਤੋਂ ਫਸਿਆ ਹੋਇਆ ਹੈ। ਉਸ ਨੂੰ ਬਾਹਰ ਕੱਢਣ ਦੀ ਹਰ ਕੋਸ਼ਿਸ਼ ਵਿਅਰਥ ਜਾ ਰਹੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਹਾਲੇ ਕੁਝ ਹੋਰ ਦਿਨ ਉਹ ਉੱਥੇ ਹੀ ਫਸਿਆ ਰਹੇਗਾ। ਲਗਭਗ 150 ਸਮੁੰਦਰੀ ਜਹਾਜ਼ ਉਸ ਜਹਾਜ਼ ਦੇ ਨਿਕਲਣ ਦੀ ਉਡੀਕ ਕਰ ਰਹੇ ਹਨ।
ਦਰਅਸਲ, ਇਹ ਘਟਨਾ ਮਿਸਰ ਦੀ ਸਵੇਜ਼ ਨਹਿਰ ਵਿੱਚ ਵਾਪਰੀ । ਤੇਜ਼ ਹਵਾ ਚੱਲਣ ਕਾਰਨ ਇੱਥੇ 400 ਮੀਟਰ ਲੰਬਾ ਅਤੇ 59 ਮੀਟਰ ਚੌੜਾ ਇੱਕ ਵਿਸ਼ਾਲ ਸਮੁੰਦਰੀ ਜਹਾਜ਼ ਫਸ ਗਿਆ ਹੈ। ਸਮੁੰਦਰੀ ਜਹਾਜ਼ ਦੇ ਫਸ ਜਾਣ ਤੋਂ ਬਾਅਦ ਦੋਵਾਂ ਪਾਸਿਆਂ ਦੀ ਆਵਾਜਾਈ ਠੱਪ ਹੋ ਗਈ ਹੈ। ਸਵੇਜ ਨਹਿਰ ਰਾਹੀਂ ਜਹਾਜ਼ ਤੇਲ,ਗੈਸ ਤੇ ਦੂਜੇ ਸਮਾਨ ਨਾਲ ਭਰੇ ਕੰਟੇਨਰ ਲੈ ਕੇ ਯੂਰਪ ਤੋਂ ਏਸ਼ੀਆ ਵਿਚਾਲੇ ਆਉਂਦੇ-ਜਾਂਦੇ ਹਨ। ਇਸ ਰਸਤੇ ਵਿੱਚੋਂ ਰੋਜ਼ਾਨਾ 30 ਪ੍ਰਤੀਸ਼ਤ ਮਾਲ ਵਾਲੇ ਸਮੁੰਦਰੀ ਜਹਾਜ਼ ਲੰਘਦੇ ਹਨ। ਜੇ ਕੁਝ ਦਿਨ ਇਸੇ ਤਰ੍ਹਾਂ ਦੀ ਸਥਿਤੀ ਬਣੀ ਰਹਿੰਦੀ ਹੈ, ਤਾਂ ਬਹੁਤ ਸਾਰੀਆਂ ਸ਼ਿਪਿੰਗ ਕੰਪਨੀਆਂ ਨੂੰ ਲੱਖਾਂ-ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ।
ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਬਣਾਇਆ ਇਹ ਜਹਾਜ਼ ਦੁਨੀਆ ਦੇ ਸਭ ਤੋਂ ਵੱਡੇ ਸਮੁੰਦਰੀ ਜਹਾਜ਼ਾਂ ਵਿੱਚੋਂ ਇੱਕ ਹੈ। ਇਸ ‘ਤੇ ਇੱਕੋ ਸਮੇਂ 20 ਹਜ਼ਾਰ ਤੋਂ ਵੱਧ ਕੰਟੇਨਰ ਲੋਡ ਕੀਤੇ ਜਾ ਸਕਦੇ ਹਨ। ਇਸਦੀ ਵਰਤੋਂ ਏਸ਼ੀਆ ਤੋਂ ਯੂਰਪ ਦੇ ਵਿਚਕਾਰ ਵਪਾਰ ਲਈ ਕੀਤੀ ਜਾਂਦੀ ਹੈ। ਇਸ ਜਹਾਜ਼ ਦਾ ਸੰਚਾਲਨ ਐਵਰਗ੍ਰੀਨ ਮਰੀਨ ਕਾਪਸ ਨਾਮ ਦੀ ਤਾਈਵਾਨ ਦੀ ਕੰਪਨੀ ਕਰਦੀ ਹੈ। ਜਹਾਜ਼ ਨੀਦਰਲੈਂਡ ਦੇ ਰੋਟਰਡੈਮ ਜਾਣ ਲਈ ਰਵਾਨਾ ਹੋਇਆ ਸੀ।
ਦੱਸ ਦੇਈਏ ਕਿ ਸਵੇਜ਼ ਨਹਿਰ 193 ਕਿਲੋਮੀਟਰ ਲੰਬੀ ਹੈ। ਇਸ ਰੂਟ ਰਾਹੀਂ ਦੁਨੀਆ ਦਾ ਸਿਰਫ 12 ਪ੍ਰਤੀਸ਼ਤ ਵਪਾਰ ਹੁੰਦਾ ਹੈ। ਜਹਾਜ਼ ਦੇ ਸਵੇਜ਼ ਨਹਿਰ ਵਿੱਚ ਫਸਣ ਤੋਂ ਬਾਅਦ ਉਸ ਵਿੱਚੋਂ ਕੰਟੇਨਰ ਘੱਟ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ, ਪਰ ਇਸ ਵਿੱਚ ਕਾਫ਼ੀ ਸਮਾਂ ਵੀ ਲੱਗ ਸਕਦਾ ਹੈ। ਜਹਾਜ਼ ਨੂੰ ਬਾਹਰ ਕੱਢਣ ਲਈ ਪੰਜ ਛੋਟੇ ਜਹਾਜ਼ ਵੀ ਕੰਮ ‘ਤੇ ਲਗਾਏ ਗਏ ਹਨ।
ਇਹ ਵੀ ਦੇਖੋ: ਜਲੰਧਰ ਬਾਈਪਾਸ ਜਿੱਥੇ ਹਜ਼ਾਰਾ ਦੀ ਗਿਣਤੀ ਵਿੱਚ ਰੋਜ਼ਾਨਾ ਬੱਸਾਂ ਨਿਕਲਦੀਆਂ,ਦੇਖੋ ਕਿਵੇਂ ਪਿਆ ਸੁਨਸਾਨ