ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਸੱਤਾ ਵਿੱਚ ਆਉਂਦਿਆਂ ਹੀ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ । ਤਾਲਿਬਾਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਔਰਤਾਂ ਦੀਆਂ ਖੇਡਾਂ ਖਾਸ ਕਰਕੇ ਮਹਿਲਾ ਕ੍ਰਿਕਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ।
ਇਸ ਸਬੰਧੀ ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਉਪ ਮੁੱਖੀ ਅਹਿਮਦਉੱਲਾ ਵਾਸਿਕ ਦੇ ਹਵਾਲੇ ਤੋਂ ਕਿਹਾ ਗਿਆ ਕਿ ਕ੍ਰਿਕਟ ਵਿੱਚ ਅਜਿਹੇ ਹਾਲਾਤ ਹੁੰਦੇ ਹਨ ਕਿ ਮੂੰਹ ਅਤੇ ਸਰੀਰ ਨੂੰ ਢੱਕਿਆ ਨਹੀਂ ਜਾ ਸਕਦਾ । ਇਸਲਾਮ ਔਰਤਾਂ ਨੂੰ ਇਸ ਤਰ੍ਹਾਂ ਦਿਖਣ ਦੀ ਇਜਾਜ਼ਤ ਨਹੀਂ ਦਿੰਦਾ।
ਉਸਨੇ ਕਿਹਾ ਕਿ ਇਹ ਮੀਡੀਆ ਦਾ ਯੁੱਗ ਹੈ ਜਿਸ ਵਿੱਚ ਫੋਟੋਆਂ ਅਤੇ ਵੀਡਿਓ ਦੇਖੀਆਂ ਜਾਣਗੀਆਂ । ਇਸਲਾਮ ਅਤੇ ਇਸਲਾਮਿਕ ਅਮੀਰਾਤ ਔਰਤਾਂ ਨੂੰ ਕ੍ਰਿਕਟ ਜਾਂ ਅਜਿਹੀਆਂ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ, ਜਿਸ ਵਿੱਚ ਸਰੀਰ ਦਿਖਾਈ ਦਿੰਦਾ ਹੋਵੇ । ਉਸ ਨੇ ਕਿਹਾ ਕਿ ਤਾਲਿਬਾਨ ਪੁਰਸ਼ ਕ੍ਰਿਕਟ ਨੂੰ ਜਾਰੀ ਰੱਖੇਗਾ ਅਤੇ ਉਸਨੇ ਟੀਮ ਨੂੰ ਨਵੰਬਰ ਵਿੱਚ ਆਸਟ੍ਰੇਲੀਆ ਵਿਚ ਟੈਸਟ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਔਰਤਾਂ ਦੇ ਖੇਡ ਪ੍ਰਤੀ ਤਾਲਿਬਾਨ ਦੇ ਨਜ਼ਰੀਏ ਸੰਬੰਧੀ ਰਿਪੋਰਟ ਸੱਚੀ ਹੈ ਤਾਂ 27 ਨਵੰਬਰ ਤੋਂ ਹੋਣ ਵਾਲਾ ਇਹ ਟੈਸਟ ਨਹੀਂ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: PM ਮੋਦੀ ਅੱਜ BRICS ਸਿਖਰ ਸੰਮੇਲਨ ਦੀ ਕਰਨਗੇ ਪ੍ਰਧਾਨਗੀ, ਅਫਗਾਨਿਸਤਾਨ ਸੰਕਟ ‘ਤੇ ਹੋ ਸਕਦੀ ਹੈ ਚਰਚਾ
ਇਸ ਤੋਂ ਇਲਾਵਾ ਬਿਆਨ ਵਿੱਚ ਕਿਹਾ ਗਿਆ ਹੈ ਕਿ ਕ੍ਰਿਕਟ ਆਸਟ੍ਰੇਲੀਆ ਵਿਸ਼ਵ ਭਰ ਵਿੱਚ ਮਹਿਲਾ ਕ੍ਰਿਕਟ ਦੇ ਵਿਕਾਸ ਨੂੰ ਬਹੁਤ ਮਹੱਤਵ ਦਿੰਦਾ ਹੈ। ਸਾਡਾ ਮੰਨਣਾ ਹੈ ਕਿ ਖੇਡਾਂ ਸਾਰਿਆਂ ਲਈ ਹਨ ਅਤੇ ਹਰ ਪੱਧਰ ‘ਤੇ ਮਹਿਲਾਵਾਂ ਨੂੰ ਖੇਡਣ ਦਾ ਬਰਾਬਰ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਅਫ਼ਗ਼ਾਨਿਸਤਾਨ ਵਿੱਚ ਮਹਿਲਾ ਖੇਡਾਂ ‘ਤੇ ਰੋਕ ਦੀਆਂ ਖਬਰਾਂ ਸਹੀ ਹਨ ਤਾਂ ਅਸੀਂ ਹੋਬਰਟ ਵਿੱਚ ਹੋਣ ਵਾਲੇ ਇਸ ਟੈਸਟ ਦੀ ਮੇਜ਼ਬਾਨੀ ਨਹੀਂ ਕਰਾਂਗੇ।