ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਆਪਣੀ ਅੰਤਰਿਮ ਸਰਕਾਰ ਦਾ ਐਲਾਨ ਕਰ ਦਿੱਤਾ ਹੈ। ਤਾਲਿਬਾਨ ਨੇ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਹੈ, ਇਸ ਦੇ ਨਾਲ ਹੀ ਤਾਲਿਬਾਨੀ ਫ਼ਰਮਾਨ ਵੀ ਆਉਣੇ ਸ਼ੁਰੂ ਹੋ ਗਏ ਹਨ।
“ਇੱਕ ਔਰਤ ਮੰਤਰੀ ਨਹੀਂ ਬਣ ਸਕਦੀ। ਔਰਤਾਂ ਦਾ ਮੰਤਰੀ ਮੰਡਲ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਨੂੰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਇਹੀ ਉਨ੍ਹਾਂ ਦਾ ਕੰਮ ਹੈ।” ਇਹ ਤਾਲਿਬਾਨ ਦੇ ਬੁਲਾਰੇ ਸਈਦ ਜ਼ਕੀਰੁੱਲਾਹ ਹਾਸ਼ਮੀ ਦਾ ਬਿਆਨ ਹੈ। ਸਰਕਾਰ ਬਣਨ ‘ਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣ ਦੀ ਗੱਲ ਕਰਨ ਵਾਲੇ ਤਾਲਿਬਾਨ ਦੇ ਹੁਣ ਸੁਰ ਬਦਲ ਗਏ ਹਨ। ਉਨ੍ਹਾਂ ਨੂੰ ਉਨੇ ਹੀ ਅਧਿਕਾਰ ਦਿੱਤੇ ਜਾ ਰਹੇ ਹਨ ਜਿਨ੍ਹਾਂ ਨਾਲ ਉਹ ਜਿੰਦਾ ਰਹਿਣ ਲਈ ਸਾਹ ਲੈ ਸਕਦੇ ਹਨ।
ਪੂਰੇ ਅਫਗਾਨਿਸਤਾਨ ਵਿੱਚ ਆਪਣੇ ਅਧਿਕਾਰਾਂ ਲਈ ਲੜ ਰਹੀਆਂ ਔਰਤਾਂ ਦੇ ਪ੍ਰਦਰਸ਼ਨ ਵੀ ਲਗਾਤਾਰ ਵੱਧ ਰਹੇ ਹਨ। ਕਾਬੁਲ ਵਿੱਚ ਸੜਕਾਂ ‘ਤੇ ਉਤਰੀਆਂ ਔਰਤਾਂ ਦੇ ਪ੍ਰਦਰਸ਼ਨ ਉੱਤਰ-ਪੂਰਬੀ ਪ੍ਰਾਂਤ ਬਦਾਖਸ਼ਨ ਵਿੱਚ ਪਹੁੰਚ ਗਏ ਹਨ। ਇੱਥੇ ਵੀ ਬਹੁਤ ਸਾਰੀਆਂ ਔਰਤਾਂ ਸੜਕਾਂ ‘ਤੇ ਉੱਤਰ ਆਈਆਂ ਹਨ। ਇਸ ਤੋਂ ਇਲਾਵਾ ਮੀਡੀਆ ਨੂੰ ਆਜ਼ਾਦੀ ਦੇਣ ਦੀ ਗੱਲ ਕਰਨ ਵਾਲੇ ਤਾਲਿਬਾਨ ਨੇ ਆਪਣੇ ਨਿਯਮਾਂ ਨੂੰ ਪੂਰੀ ਸਖਤੀ ਨਾਲ ਲਾਗੂ ਕਰ ਦਿੱਤਾ ਹੈ। ਰਾਜਧਾਨੀ ਕਾਬੁਲ ਵਿੱਚ ਔਰਤਾਂ ਦੇ ਪ੍ਰਦਰਸ਼ਨ ਦੀ ਕਵਰੇਜ ਕਰ ਰਹੇ ਦੋ ਪੱਤਰਕਾਰਾਂ ਨੂੰ ਇੱਕ ਪੁਲਿਸ ਸਟੇਸ਼ਨ ਵਿੱਚ ਤਾਲਿਬਾਨ ਨੇ ਬੇਰਹਿਮੀ ਨਾਲ ਕੁੱਟਿਆ ਹੈ।