ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਉਸਦੀ ਕ੍ਰੂਰਤਾ ਦੀਆਂ ਖਬਰਾਂ ਵੀ ਹਰ ਰੋਜ਼ ਸਾਹਮਣੇ ਆ ਰਹੀਆਂ ਹਨ। ਬੇਸ਼ੱਕ ਤਾਲਿਬਾਨ ਖੁਦ ਨੂੰ ਸੁਧਰਿਆ ਹੋਇਆ ਦਿਖਾ ਰਿਹਾ ਹੈ, ਪਰ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓ ਤੇ ਫੋਟੋਆਂ ਤਾਲਿਬਾਨ ਦਾ ਅਸਲੀ ਚਿਹਰਾ ਦੁਨੀਆ ਸਾਹਮਣੇ ਲਿਆ ਰਹੇ ਹਨ।
ਦਰਅਸਲ, ਅਫ਼ਗ਼ਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਵੱਲੋਂ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਹੁਣ ਤਾਲਿਬਾਨ ਵੱਲੋਂ ਇੱਕ ਹੋਰ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਤਾਲਿਬਾਨ ਵੱਲੋਂ ਜੀਂਸ ਪਾਉਣ ‘ਤੇ ਰੋਕ ਲਗਾ ਦਿੱਤੀ ਗਈ ਹੈ ਤੇ ਨਾਲ ਹੀ ਕੁੜੀਆਂ ਨੂੰ ਮੇਲ ਪਾਲਿਸ਼ ਦੀ ਵਰਤੋਂ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਤਾਲਿਬਾਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਗੱਲ ਨਾ ਮੰਨਣ ਵਾਲਿਆਂ ਨੂੰ ਇਸਦੀ ਸਜ਼ਾ ਭੁਗਤਣੀ ਪਵੇਗੀ।
ਅਖਬਾਰ ਵਿੱਚ ਛਪੀ ਇੱਕ ਖਬਰ ਅਨੁਸਾਰ ਇੱਕ ਅਫ਼ਗ਼ਾਨੀ ਬੱਚੇ ਨੇ ਤਾਲਿਬਾਨੀ ਕਰੂਰਤਾ ਉਜਾਗਰ ਕਰਦਿਆਂ ਦੱਸਿਆ ਕਿ ਉਸਨੂੰ ਅਤੇ ਉਸਦੇ ਦੋਸਤ ਨੂੰ ਜੀਂਸ ਪਾਉਣ ਲਈ ਕੜੀ ਸਜ਼ਾ ਦਿੱਤੀ ਗਈ। ਉਨ੍ਹਾਂ ਮੁੰਡਿਆਂ ਨੇ ਦੱਸਿਆ ਕਿ ਉਹ ਕਾਬੁਲ ਵਿੱਚ ਕਿਤੇ ਜਾ ਰਹੇ ਸਨ ਕਿ ਇਸ ਦੌਰਾਨ ਤਾਲਿਬਾਨੀ ਲੜਾਕਿਆਂ ਨੇ ਜੀਂਸ ਨੂੰ ਇਸਲਾਮ ਦਾ ਅਪਮਾਨ ਦੱਸਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਮੁੜ ਇਹ ਗਲਤੀ ਨਾ ਦੁਹਰਾਉਣ ਦੀ ਧਮਕੀ ਵੀ ਦਿੱਤੀ।
ਦੱਸ ਦੇਈਏ ਕਿ ਇਸਦੇ ਨਾਲ ਹੀ ਤਾਲਿਬਾਨ ਨੇ ਕੁੜੀਆਂ ਤੇ ਮਹਿਲਾਵਾਂ ਨੂੰ ਹਿਦਾਇਤ ਦਿੰਦਿਆਂ ਕਿਹਾ ਕਿ ਉਹ ਨੇਲ ਪਾਲਿਸ਼ ਨਾ ਲਗਾਉਣ। ਕੰਧਾਰ ਵਿੱਚ ਤਾਲਿਬਾਨ ਨੇ ਮਹਿਲਾਵਾਂ ਅਤੇ ਕੁੜੀਆਂ ਲਈ ਇੱਕ ਫਤਵਾ ਜਾਰੀ ਕਰਦਿਆਂ ਮੇਲ ਪਾਲਿਸ਼ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹੇ ਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੀਆਂ ਉਂਗਲੀਆਂ ਕੱਟ ਦਿੱਤੀਆਂ ਜਾਣਗੀਆਂ। ਇੰਨਾ ਹੀ ਨਹੀਂ ਤਾਲਿਬਾਨ ਵੱਲੋਂ ਮਹਿਲਾਵਾਂ ਦੇ ਹੀਲ ਵਾਲੇ ਸੈਂਡਲਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ, ਤਾਂ ਜੋ ਕੋਈ ਅਜਨਬੀ ਉਨ੍ਹਾਂ ਦੇ ਕਦਮਾਂ ਦੀ ਆਵਾਜ਼ ਨਾ ਸੁਣਨ ਸਕੇ।