ਤਾਲਿਬਾਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਵਿੱਚ ਆਪਣੀ ਬੇਰਹਿਮੀ ਦਾ ਪ੍ਰਦਰਸ਼ਨ ਕੀਤਾ ਹੈ । ਕਾਬੁਲ ਵਿੱਚ ਪਾਕਿਸਤਾਨ ਵਿਰੋਧੀ ਰੈਲੀ ਦੌਰਾਨ ਇਕੱਠੀ ਹੋਈ ਭੀੜ ਨੂੰ ਖਦੇੜਨ ਲਈ ਤਾਲਿਬਾਨ ਵਲੋਂ ਗੋਲੀਬਾਰੀ ਕੀਤੀ ਗਈ ਹੈ।
ਇਸ ਗੋਲੀਬਾਰੀ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮੰਗਲਵਾਰ ਯਾਨੀ ਕਿ ਅੱਜ ਤੋਂ ਕਾਬੁਲ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ਹੋ ਰਹੇ ਸਨ।
ਸਥਾਨਕ ਮੀਡੀਆ ਅਨੁਸਾਰ ਤਾਲਿਬਾਨ ਦੇ ਲੜਾਕਿਆਂ ਵੱਲੋਂ ਕਾਬੁਲ ਵਿੱਚ ਰਾਸ਼ਟਰਪਤੀ ਪੈਲੇਸ ਨੇੜੇ ਗੋਲੀਬਾਰੀ ਕੀਤੀ ਗਈ । ਇੱਥੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮਾਰਚ ਕਰ ਰਹੇ ਸਨ । ਰਾਸ਼ਟਰਪਤੀ ਪੈਲੇਸ ਨੇੜੇ ਹੀ ਕਾਬੁਲ ਸੇਰੇਨਾ ਹੋਟਲ ਹੈ, ਜਿੱਥੇ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਪ੍ਰਮੁੱਖ ਪਿਛਲੇ ਇੱਕ ਹਫ਼ਤੇ ਤੋਂ ਰੁਕੇ ਹੋਏ ਹਨ ।
ਤਾਲਿਬਾਨ ਵੱਲੋਂ ਉਨ੍ਹਾਂ ਪੱਤਰਕਾਰਾਂ ਤੇ ਕੈਮਰਾਮੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ। ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਬੀਤੇ ਇੱਕ-ਦੋ ਦਿਨਾਂ ਤੋਂ ਲਗਾਤਾਰ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸਨ। ਅਫਗਾਨ ਨਾਗਰਿਕ ਪਾਕਿਸਤਾਨ ਵੱਲੋਂ ਪੰਜਸ਼ੀਰ ਵਿਚ ਕੀਤੇ ਗਏ ਹਮਲੇ ਦਾ ਵਿਰੋਧ ਕਰ ਰਹੇ ਹਨ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਫੌਜ ਦੇ ਅਧਿਕਾਰੀਆਂ ਨੇ ਵੀ ਤਾਲਿਬਾਨ ਦੇ ਪਿੱਛੇ ਪਾਕਿਸਤਾਨੀ ਖੁਫੀਆ ਏਜੇਂਸੀ ISI ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਪਾਕਿਸਤਾਨ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਜਾ ਰਿਹਾ ਹੈ।