UK PM Boris Johnson shortens: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਮਹੀਨੇ ਆਪਣੀ ਭਾਰਤ ਯਾਤਰਾ ਨੂੰ ਛੋਟਾ ਕਰਨ ਦਾ ਫੈਸਲਾ ਕੀਤਾ ਹੈ । ਉਨ੍ਹਾਂ ਦਾ ਇਹ ਫੈਸਲਾ ਭਾਰਤ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਿਆ ਗਿਆ ਹੈ । ਬ੍ਰਿਟਿਸ਼ ਪ੍ਰਧਾਨਮੰਤਰੀ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਬੋਰਿਸ ਜਾਨਸਨ ਆਪਣੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ । ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਛੋਟਾ ਕਰਨ ਦਾ ਫੈਸਲਾ ਭਾਰਤ ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।
ਇਸ ਤੋਂ ਅੱਗੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਬੁਲਾਰੇ ਨੂੰ ਕਿਹਾ, “ਇਸ ਯਾਤਰਾ ਦੌਰਾਨ ਭਾਰਤ ਸਰਕਾਰ ਅਤੇ ਭਾਰਤੀ ਵਪਾਰਕ ਨੇਤਾਵਾਂ ਨਾਲ ਉੱਚ ਪੱਧਰੀ ਵਿਚਾਰ-ਵਟਾਂਦਰੇ ਕੇਂਦਰਤ ਰਹਿਣਗੀਆਂ।” ਉਨ੍ਹਾਂ ਕਿਹਾ ਕਿ ਹੁਣ 26 ਅਪ੍ਰੈਲ ਨੂੰ ਬਹੁਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ । ਇਸ ਤੋਂ ਪਹਿਲਾਂ ਜਾਨਸਨ ਨੇ ਸੰਕੇਤ ਦਿੱਤੇ ਸੀ ਕਿ ਉਹ ਨਵੀਂ ਦਿੱਲੀ ਤੋਂ ਇਲਾਵਾ ਮੁੰਬਈ, ਪੁਣੇ, ਬੰਗਲੌਰ ਅਤੇ ਚੇੱਨਈ ਵੀ ਜਾਣਾ ਚਾਹੁਣਗੇ । ਪਰ ਕੋਰੋਨਾ ਦੀ ਦੂਜੀ ਭਿਆਨਕ ਲਹਿਰ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਦੌਰੇ ਨੂੰ ਰਿ-ਸ਼ਡਿਊਲ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।
ਦੱਸ ਦੇਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਜਨਵਰੀ ਵਿੱਚ ਭਾਰਤ ਆਉਣ ਵਾਲੇ ਸਨ । ਉਨ੍ਹਾਂ ਨੂੰ 26 ਜਨਵਰੀ ‘ਤੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ, ਪਰ ਉਸ ਸਮੇਂ ਬ੍ਰਿਟੇਨ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੌਰੇ ਨੂੰ ਰੱਦ ਕਰਨਾ ਪਿਆ ਸੀ। ਬ੍ਰਿਟੇਨ ਇਸ ਸਾਲ ਜੂਨ ਵਿੱਚ G-7 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਿਸ਼ੇਸ਼ ਸੱਦਾ ਭੇਜਿਆ ਗਿਆ ਹੈ।