UN chief on covid vaccine: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਇਲਾਜ ਲਈ ਦੇਸ਼ ਭਰ ਵਿੱਚ 16 ਜਨਵਰੀ ਤੋਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਤੱਕ ਦੇਸ਼ ਭਰ ਵਿੱਚ 23 ਲੱਖ 55 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਮਿਲ ਗਈ ਹੈ। ਇਸ ਦੌਰਾਨ ਭਾਰਤ ਨੇ ਆਪਣੇ ਬਹੁਤ ਸਾਰੇ ਗੁਆਂਢੀ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਦੀ ਮਦਦ ਭੇਜੀ ਹੈ। ਫਿਲਹਾਲ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਦਾ ਮੰਨਣਾ ਹੈ ਕਿ ਭਾਰਤ ਦੀ ਕੋਰੋਨਾ ਵੈਕਸੀਨ ਉਤਪਾਦਨ ਸਮਰੱਥਾ ਵਿਸ਼ਵ ਦੀ ਸਭ ਤੋਂ ਵੱਡੀ ਸੰਪਤੀ ਹੈ।
ਦਰਅਸਲ, ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਤੇਜ਼ੀ ਨਾਲ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਉੱਥੇ ਹੀ ਭਾਰਤ ਨੇ ਹੁਣ ਤੱਕ ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਮਿਆਂਮਾਰ ਅਤੇ ਸੇਚੇਲਜ਼, ਅਫਗਾਨਿਸਤਾਨ, ਸ੍ਰੀਲੰਕਾ, ਬ੍ਰਾਜ਼ੀਲ ਅਤੇ ਮਾਰੀਸ਼ਸ ਨੂੰ ਕੋਰੋਨਾ ਵੈਕਸੀਨ ਦੀ ਭੇਜੀ ਹੈ। ਜਿਸ ਨੂੰ ਵੇਖਦੇ ਹੋਏ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਦਾ ਕਹਿਣਾ ਹੈ ਕਿ ‘ਮੈਨੂੰ ਲੱਗਦਾ ਹੈ ਕਿ ਭਾਰਤ ਦੀ ਵੈਕਸੀਨ ਉਤਪਾਦਨ ਸਮਰੱਥਾ ਵਿਸ਼ਵ ਦੀ ਸਭ ਤੋਂ ਵੱਡੀ ਸੰਪਤੀ ਹੈ। ਮੈਂਨੂੰ ਉਮੀਦ ਹੈ ਕਿ ਦੁਨੀਆ ਸਮਝਦੀ ਹੈ ਕਿ ਇਸਦੀ ਪੂਰੀ ਤਰ੍ਹਾਂ ਵਰਤੋਂ ਕੀਤੀ ਜਾਣੀ ਚਾਹੀਦੀ ਹੈ।’
ਗੁਟੇਰੇਸ ਨੇ ਭਾਰਤ ਪ੍ਰਤੀ ਕੋਰੋਨਾ ਟੀਕੇ ਲਈ ਵਿਸ਼ਵਵਿਆਪੀ ਟੀਕਾਕਰਨ ਮੁਹਿੰਮ ਦੀ ਸੰਭਾਵਨਾ ਜ਼ਾਹਿਰ ਕੀਤੀ । ਉਨ੍ਹਾਂ ਦਾ ਕਹਿਣਾ ਕਿ ‘ਸਾਨੂੰ ਪੂਰੀ ਉਮੀਦ ਹੈ ਕਿ ਭਾਰਤ ਕੋਲ ਉਹ ਸਾਰੇ ਸੰਦ ਹੋਣਗੇ ਜੋ ਇਹ ਸੁਨਿਸ਼ਚਿਤ ਕਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਲਈ ਜ਼ਰੂਰੀ ਹਨ ਕਿ ਵਿਸ਼ਵਵਿਆਪੀ ਟੀਕਾਕਰਨ ਮੁਹਿੰਮ ਸੰਭਵ ਹੈ।’
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਲਾਗ ਅਜੇ ਵੀ ਪੂਰੀ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਤੱਕ ਦੁਨੀਆ ਭਰ ਵਿੱਚ 10 ਕਰੋੜ 19 ਲੱਖ 13 ਹਜ਼ਾਰ ਤੋਂ ਵੱਧ ਕੋਰੋਨਾ ਸੰਕਰਮਿਤ ਸਾਹਮਣੇ ਆਏ ਹਨ। ਅਮਰੀਕਾ ਦੁਨੀਆ ਭਰ ਵਿੱਚ ਕੋਰੋਨਾ ਸੰਕਰਮਣਾਂ ਦੇ ਮਾਮਲੇ ਵਿੱਚ ਪਹਿਲੇ ਸਥਾਨ ‘ਤੇ ਹੈ ।