UN Human Rights on farmers protest: ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਈ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਵੱਲੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਪੌਪ ਸਟਾਰ ਰਿਹਾਨਾ ਤੋਂ ਲੈ ਕੇ ਵਾਤਾਵਰਣ ਕਾਰਕੁਨ ਗ੍ਰੇਟਾ ਥੰਬਰਗ ਨੇ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਟਵੀਟ ਕੀਤਾ । ਜਿਸ ਨੂੰ ਲੈ ਕੇ ਦੇਸ਼ ਵਿੱਚ ਰਾਜਨੀਤੀ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ UN ਹਿਊਮਨ ਰਾਈਟਸ ਨੇ ਵੀ ਕਿਸਾਨ ਅੰਦੋਲਨ ‘ਤੇ ਇੱਕ ਟਵੀਟ ਕੀਤਾ। ਜਿਸ ਵਿੱਚ ਇੰਟਰਨੈੱਟ ਦੀ ਪਾਬੰਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਦਰਅਸਲ, UN ਹਿਊਮਨ ਰਾਈਟਸ ਵੱਲੋਂ ਆਪਣੇ ਟਵੀਟ ਵਿੱਚ ਲਿਖਿਆ ਕਿ ਅਸੀਂ ਭਾਰਤ ਵਿੱਚ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨ ਅੰਦੋਲਨ ਵਿੱਚ ਵੱਧ ਤੋਂ ਵੱਧ ਸੰਜਮ ਵਰਤਿਆ ਜਾਣਾ ਚਾਹੀਦਾ ਹੈ। ਪ੍ਰਗਟਾਵੇ ਦੇ ਅਧਿਕਾਰ ਨੂੰ ਸ਼ਾਂਤਮਈ ਢੰਗ ਨਾਲ ਆਫਲਾਈਨ ਅਤੇ ਆਨਲਾਈਨ ਦੋਵਾਂ ਤਰੀਕਿਆਂ ਦੀ ਰੱਖਿਆ ਕਰਨੀ ਚਾਹੀਦੀ ਹੈ। ਸਾਰਿਆਂ ਲਈ ਇਸ ਮੁੱਦੇ ਦਾ ਢੁੱਕਵਾਂ ਹੱਲ ਲੱਭਣਾ ਮਹੱਤਵਪੂਰਨ ਹੈ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪਿਛਲੇ 2 ਮਹੀਨਿਆਂ ਤੋਂ ਜਾਰੀ ਕਿਸਾਨ ਅੰਦੋਲਨ ਹੁਣ ਦੁਨੀਆ ਭਰ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਜਿੱਥੇ ਇੱਕ ਪਾਸੇ ਇਸ ਅੰਦੋਲਨ ਨੂੰ ਵਿਦੇਸ਼ੀ ਹਸਤੀਆਂ ਦਾ ਸਾਥ ਮਿਲ ਰਿਹਾ ਹੈ, ਉੱਥੇ ਹੀ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਦਾ ਸਪਸ਼ਟ ਅਰਥ ਹੈ ਕਿ ਫਸਲਾਂ ‘ਤੇ ਲੰਬੇ ਸਮੇਂ ਤੋਂ ਮਿਲ ਰਹੀ MSP ਖ਼ਤਮ ਹੋ ਜਾਵੇਗੀ ਅਤੇ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਰਹਿਮ ‘ਤੇ ਛੱਡ ਦਿੱਤਾ ਜਾਵੇਗਾ । ਇਸ ਲਈ ਇਨ੍ਹਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲਿਆ ਜਾਣਾ ਚਾਹੀਦਾ ਹੈ।
ਉੱਥੇ ਹੀ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਇਹ ਖੇਤੀਬਾੜੀ ਸੈਕਟਰ ਤੋਂ ਲੰਬੇ ਸਮੇਂ ਤੋਂ ਲਟਕੇ ਸੁਧਾਰ ਹਨ ਅਤੇ ਇਸ ਨਾਲ ਕਿਸਾਨਾਂ ਲਈ ਨਵੇਂ ਬਾਜ਼ਾਰ ਅਤੇ ਨਵੇਂ ਮੌਕੇ ਪੈਦਾ ਹੋਣਗੇ। ਸਰਕਾਰ ਨੇ ਕੁਝ ਸਮੇਂ ਲਈ ਕਿਸਾਨਾਂ ਨੂੰ ਕਾਨੂੰਨਾਂ ਦੇ ਲਾਗੂ ਕਰਨ ਨੂੰ ਮੁਲਤਵੀ ਕਰਨ ਦੀਆਂ ਤਜਵੀਜ਼ਾਂ ਦਿੱਤੀਆਂ ਹਨ, ਪਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ।
ਇਹ ਵੀ ਦੇਖੋ: ਦੇਖੋ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਯੂਪੀ ਦੇ ਗੰਨਾਂ ਉਤਪਾਦਕ ਕਿਸਾਨ ਕਿਵ਼ੇਂ ਹੋ ਰਹੇ ਨੇ ਕਰਜ਼ਾਈ