Us assembly speaker supported farmers protest : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 42 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਇਸ ਦੌਰਾਨ ਅਮਰੀਕਾ ਵਿੱਚ ਵਿਸਕਾਨਸਿਨ ਸਟੇਟ ਅਸੈਂਬਲੀ ਦੇ ਸਪੀਕਰ ਨੇ ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਹਮਾਇਤ ਕਰਦਿਆਂ, ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਅਤੇ ਪ੍ਰਭਾਵਿਤ ਕਿਸਾਨਾਂ ਦੀ ਗੱਲ ਸੁਣਨ। ਰੌਬਿਨ ਜੇ. ਵੋਸ ਨੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇੱਕ ਪੱਤਰ ਲਿਖ ਕਿਸਾਨਾਂ ਲਈ ਆਪਣਾ ਸਮਰਥਨ ਜਾਹਿਰ ਕੀਤਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦਾ ਇੱਕ ਪੱਤਰ ਭਾਰਤ ਵਿੱਚ ਅਮਰੀਕੀ ਰਾਜਦੂਤ ਕੇਨ ਜੈਸਟਰ ਨੂੰ ਵੀ ਲਿਖਿਆ ਹੈ।
4 ਜਨਵਰੀ ਨੂੰ ਲਿਖੇ ਇੱਕ ਪੱਤਰ ਵਿੱਚ, ਉਨ੍ਹਾਂ ਨੇ ਕਿਹਾ, “ਵਿਸਕਾਨਸਿਨ ਅਤੇ ਭਾਰਤ ਵਿੱਚ ਇੱਕ ਸਮਾਨਤਾ ਹੈ, ਵੱਡੀ ਖੇਤੀ ਅਰਥਵਿਵਸਥਾ। ਸਾਡੇ ਰਾਜ ਦੇ ਕਿਸਾਨਾਂ ਦੀ ਸਾਡੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਹੈ। ਮੇਰੇ ਲਈ ਉਨ੍ਹਾਂ ਦੀ ਰਾਇ ਜਾਣੇ ਬਗੈਰ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲਾ ਕਾਨੂੰਨ ਬਣਾਉਣਾ ਵੱਡੀ ਗੱਲ ਹੋਵੇਗੀ ਜਾਂ ਸ਼ਾਂਤੀ ਨਾਲ ਇਕੱਠੇ ਹੋਣ ਦੇ ਉਨ੍ਹਾਂ ਦੇ ਅਧਿਕਾਰ ਦੀ ਵਰਤੋਂ ਵਿੱਚ ਰੁਕਾਵਟ ਪਾਉਣਾ।” ਵੋਸ ਨੇ ਕਿਹਾ, “ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰੇਗੀ ਅਤੇ ਕਿਸਾਨਾਂ ਨਾਲ ਬੈਠ ਕੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣੇਗੀ।” ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਪਿੱਛਲੇ ਮਹੀਨੇ ਭਾਰਤ ਦੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਵਿਦੇਸ਼ੀ ਨੇਤਾਵਾਂ ਅਤੇ ਸਿਆਸਤਦਾਨਾਂ ਦੀ ਟਿੱਪਣੀ ‘ਤੇ ਕਿਹਾ ਸੀ, ਉਹ ਪੂਰੀ ਜਾਣਕਾਰੀ ਤੋਂ ਬਿਨਾਂ ਬਿਆਨ ਦੇ ਰਹੇ ਹਨ। ਅਜਿਹੀਆਂ ਟਿੱਪਣੀਆਂ ਅਣਉਚਿਤ ਹਨ। ਖ਼ਾਸਕਰ ਜਦੋਂ ਇਹ ਲੋਕਤੰਤਰੀ ਤੌਰ ‘ਤੇ ਦੇਸ਼ ਦਾ ਅੰਦਰੂਨੀ ਮਾਮਲਾ ਹੈ।”
ਇਹ ਵੀ ਦੇਖੋ : ਕਿਸਾਨਾਂ ਦੀਆਂ 40 ਜੱਥੇਬੰਦੀਆਂ ਦਾ ਕੋਈ ਇੱਕ ਲੀਡਰ ਹੀ ਨਹੀਂ,ਗੱਲ ਕਿਸ ਨਾਲ ਕਰੀਏ?