ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਰੂਸ ਯੂਕਰੇਨ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਗੰਭੀਰ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਯੂਕਰੇਨ ਵਿੱਚ ਰੂਸ ਨਾਲ ਨਹੀਂ ਲੜੇਗਾ ਕਿਉਂਕਿ ਨਾਟੋ ਅਤੇ ਮਾਸਕੋ ਵਿਚਕਾਰ ਸਿੱਧਾ ਟਕਰਾਅ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਵੱਲ ਲੈ ਜਾਵੇਗਾ।
ਬਾਇਡੇਨ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਯੂਰਪ ਵਿੱਚ ਆਪਣੇ ਸਹਿਯੋਗੀਆਂ ਨਾਲ ਖੜ੍ਹੇ ਰਹਿਣਾ ਅਤੇ ਸਹੀ ਸੰਦੇਸ਼ ਭੇਜਣਾ ਜਾਰੀ ਰੱਖਾਂਗੇ । ਅਸੀਂ ਅਮਰੀਕਾ ਦੀ ਪੂਰੀ ਤਾਕਤ ਨਾਲ ਨਾਟੋ ਖੇਤਰ ਦੇ ਇੱਕ-ਇੱਕ ਇੰਚ ਦੀ ਰਾਖੀ ਕਰਾਂਗੇ ਅਤੇ ਨਾਟੋ ਦੀ ਮਦਦ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਯੂਕਰੇਨ ਵਿੱਚ ਰੂਸ ਵਿਰੁੱਧ ਜੰਗ ਨਹੀਂ ਲੜਾਂਗੇ। ਨਾਟੋ ਅਤੇ ਰੂਸ ਵਿਚਕਾਰ ਸਿੱਧਾ ਟਕਰਾਅ ਤੀਜੇ ਵਿਸ਼ਵ ਯੁੱਧ ਵੱਲ ਲੈ ਜਾਵੇਗਾ। ਇਹ ਉਹ ਚੀਜ਼ ਹੋਵੇਗੀ ਜਿਸ ਨੂੰ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਾਇਡੇਨ ਨੇ ਕਿਹਾ ਕਿ ਰੂਸ ਕਦੇ ਵੀ ਯੂਕਰੇਨ ਵਿੱਚ ਜਿੱਤ ਹਾਸਿਲ ਨਹੀਂ ਕਰ ਸਕੇਗਾ ।
ਇਹ ਵੀ ਪੜ੍ਹੋ: ਪਾਕਿਸਤਾਨ ‘ਚ ਮਿਜ਼ਾਇਲ ਡਿੱਗਣ ‘ਤੇ ਭਾਰਤ ਨੇ ਜਤਾਇਆ ਖੇਦ, ਕਿਹਾ ‘ਗਲਤੀ ਨਾਲ ਚੱਲ ਗਈ’
ਇਸ ਤੋਂ ਅੱਗੇ ਬਾਇਡੇਨ ਨੇ ਕਿਹਾ ਕਿ ਉਨ੍ਹਾਂ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬਿਨ੍ਹਾਂ ਲੜਾਈ ਦੇ ਯੂਕਰੇਨ ‘ਤੇ ਹਾਵੀ ਹੋਣ ਦੀ ਉਮੀਦ ਸੀ, ਪਰ ਉਹ ਅਸਫਲ ਰਹੇ। ਉਨ੍ਹਾਂ ਕਿਹਾ ਕਿ ਪੁਤਿਨ ਨਾਟੋ ਨੂੰ ਤੋੜਨ ਤੇ ਕਮਜ਼ੋਰ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਵੀ ਅਸਫਲ ਰਹੇ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਮੁੱਦੇ ‘ਤੇ ਦੁਨੀਆ ਇਕਜੁੱਟ ਹੈ। ਬਾਇਡੇਨ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਲੋਕਾਂ ਨਾਲ ਖੜ੍ਹੇ ਹਾਂ। ਅਸੀਂ ਤਾਨਾਸ਼ਾਹ ਹਾਕਮਾਂ ਨੂੰ ਦੁਨੀਆਂ ਦੀ ਦਿਸ਼ਾ ਤੈਅ ਨਹੀਂ ਕਰਨ ਦੇਵਾਂਗੇ। ਉਨ੍ਹਾਂ ਕਿਹਾ ਕਿ ਵਲਾਦੀਮੀਰ ਪੁਤਿਨ ਹਮਲਾਵਰ ਹਨ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਦੇਸ਼ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: